ਨਵੀਂ ਦਿੱਲੀ: ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਇਤਰਾਜ਼ਯੋਗ ਟਵੀਟ ਕਰਨ ਦੇ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਅੱਜ ਜ਼ਮਾਨਤ ਦੇ ਦਿੱਤੀ। ਵਧੀਕ ਸੈਸ਼ਨ ਜੱਜ ਦੇਵੇਂਦਰ ਕੁਮਾਰ ਜਾਂਗਲਾ ਨੇ ਜ਼ੁਬੈਰ ਨੂੰ 50 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਰਕਮ ਦੀ ਜਾਮਨੀ ’ਤੇ ਰਾਹਤ ਦਿੱਤੀ ਹੈ। ਉਸ ਨੂੰ ਇਜਾਜ਼ਤ ਲਏ ਬਿਨਾਂ ਦੇਸ਼ ਨਾ ਛੱਡਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਅਦਾਲਤ ਨੇ ਪੱਤਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਭਵਿੱਖ ’ਚ ਉਹ ਦੁਬਾਰਾ ਅਜਿਹੀ ਗਲਤੀ ਨਾ ਦੁਹਰਾਏ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਟਵੀਟ ਜਾਂ ਰੀਟਵੀਟ ਜਾਂ ਸੋਸ਼ਲ ਮੀਡੀਆ ’ਤੇ ਅਜਿਹੀ ਕੋਈ ਸਮੱਗਰੀ ਨਾ ਪਾਈ ਜਾਵੇ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਜੱਜ ਨੇ ਕਿਹਾ ਕਿ ਕੇਸ ਦੇ ਤੱਥਾਂ ਨੂੰ ਦੇਖਦਿਆਂ ਅਤੇ ਮੁਲਜ਼ਮ ਦੀ ਹਿਰਾਸਤ ’ਚ ਹੋਰ ਪੁੱਛ-ਪੜਤਾਲ ਦੀ ਲੋੜ ਨਾ ਹੋਣ ਕਾਰਨ ਮੁਹੰਮਦ ਜ਼ੁਬੈਰ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਅਦਾਲਤ ਨੇ ਜ਼ੁਬੈਰ ਨੂੰ ਜੇਲ੍ਹ ਤੋਂ ਰਿਹਾਈ ਦੇ ਤਿੰਨ ਦਿਨਾਂ ਦੇ ਅੰਦਰ ਆਪਣਾ ਪਾਸਪੋਰਟ ਜਾਂਚ ਏਜੰਸੀ ਹਵਾਲੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਸ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਸਬੂਤਾਂ ਨਾਲ ਛੇੜਖਾਨੀ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ। ਇਸ ਦੇ ਨਾਲ ਜਦੋਂ ਵੀ ਐੱਸਐੱਚਓ ਜਾਂ ਜਾਂਚ ਅਧਿਕਾਰੀ ਸੱਦੇਗਾ ਤਾਂ ਉਸ ਨੂੰ ਜਾਂਚ ’ਚ ਸ਼ਾਮਲ ਹੋਣਾ ਪਵੇਗਾ। ਮੈਜਿਸਟਰੇਟੀ ਅਦਾਲਤ ਨੇ 2 ਜੁਲਾਈ ਨੂੰ ਜ਼ੁਬੈਰ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਸੀ। -ਪੀਟੀਆਈ