ਨਵੀਂ ਦਿੱਲੀ, 19 ਜੁਲਾਈ
ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਤੋਂ 10,000 ਕਰੋੜ ਦੀ ਮੰਗ ਕਰਦਿਆਂ ਦਾਅਵਾ ਕੀਤਾ ਕਿ ਬੀਤੇ ਵਰ੍ਹੇ ਦੋ ਲੱਖ ਕਰੋੜ ਰੁਪਏ ਦਾ ਆਮਦਨ ਟੈਕਸ ਦੇਣ ਦੇ ਬਾਵਜੂਦ ਦਿੱਲੀ ਨੂੰ ਕੱਝ ਨਹੀਂ ਮਿਲਿਆ।
ਆਤਿਸ਼ੀ ਨੇ ਕਿਹਾ ਕਿ ਦਿੱਲੀ ਨੇ ਕੇਂਦਰੀ ਕਰ ਵਿਚ ਜੀਐੱਸਟੀ ਦੇ ਰੂਪ ਵਿਚ 25000 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਕੇਂਦਰ ਸਰਕਾਰ ਦਾ ਸਲਾਨਾ ਬਜਟ ਆਉਣ ਤੋਂ ਪਹਿਲਾਂ ਇਹ ਰਾਸ਼ੀ ਜਾਰੀ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ੀ ਸੜਕਾਂ, ਅਵਾਜਾਈ, ਅਤੇ ਬਿਜਲੀ ਖੇਤਰ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਤੇ ਖਰਚ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਭਾਜਪਾ ਦੀ ਦਿੱਲੀ ਇਕਾਈ ਦੇ ਸਕੱਤਰ ਹਰੀਸ਼ ਖੁਰਾਣਾ ਨੇ ਮੰਤਰੀ ਤੇ ਇਸ ਮੁੱਦੇ ‘ਤੇ ਝੂਠ ਬੋਲਣ ਦਾ ਦੋਸ਼ ਲਾਉਂਦਿਆਂ ਜਵਾਬੀ ਹਮਲਾ ਕੀਤਾ। ਖੁਰਾਣਾ ਨੇ ਦਾਅਵਾ ਕੀਤਾ ਕਿ ਕੇਂਦਰ ਨੇ 2015 ਵਿੱਚ ਦਿੱਲੀ ਸਰਕਾਰ ਨੂੰ 4,258 ਕਰੋੜ ਰੁਪਏ ਦਿੱਤੇ ਸਨ, ਜੋ 2022 ਵਿੱਚ ਵੱਧ ਕੇ 11,945 ਕਰੋੜ ਰੁਪਏ ਹੋ ਗਏ। -ਪੀਟੀਆਈ