ਨਵੀਂ ਦਿੱਲੀ, 31 ਮਈ
ਦਿੱਲੀ ਹਾਈ ਕੋਰਟ ਨੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਵੱਲੋਂ ਕੋਵਿਡ-19 ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਫੈਬੀਫਲੂ ਭਾਰੀ ਮਾਤਰਾ ’ਚ ਖ਼ਰੀਦੇ ਜਾਣ ਦੀ ਸਹੀ ਢੰਗ ਨਾਲ ਜਾਂਚ ਨਾ ਕਰਨ ’ਤੇ ਡਰੱਗ ਕੰਟਰੋਲਰ ਦੀ ਝਾੜਝੰਬ ਕੀਤੀ ਹੈ। ਅਦਾਲਤ ਨੇ ਕਿਹਾ ਕਿ ਹਾਲਾਤ ਦਾ ਫਾਇਦਾ ਲੈ ਕੇ ਖ਼ੁਦ ਨੂੰ ਮਦਦਗਾਰ ਸਾਬਤ ਕਰਨ ਵਾਲੇ ਲੋਕਾਂ ਦੀ ਅਜਿਹੀ ਪ੍ਰਵਿਰਤੀ ਦੀ ਕਰੜੀ ਆਲੋਚਨਾ ਹੋਣੀ ਚਾਹੀਦੀ ਹੈ।
ਹਾਈ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਵੱਲੋਂ ਦਵਾਈ ਖ਼ਰੀਦਣ ਦੇ ਮਾਮਲੇ ਦੀ ਜਾਂਚ ਸਬੰਧੀ ਦਾਖ਼ਲ ਸਥਿਤੀ ਰਿਪੋਰਟ ਖਾਰਜ ਕਰਦਿਆਂ ਕਿਹਾ ਕਿ ਇਸ ਨਾਲ ਡਰੱਗ ਕੰਟਰੋਲਰ ਤੋਂ ਅਦਾਲਤ ਦਾ ਭਰੋਸਾ ਚੁੱਕਿਆ ਗਿਆ ਹੈ। ਹਾਈ ਕੋਰਟ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਦਵਾਈ ਦੀ ਕਿੱਲਤ ਸੀ। ਗੰਭੀਰ ਨੇ ਦਵਾਈ ਦੇ ਹਜ਼ਾਰਾਂ ਪੱਤੇ ਖ਼ਰੀਦ ਲਏ ਅਤੇ ਉਸ ਦਿਨ ਹੋਰ ਲੋਕ, ਜਿਨ੍ਹਾਂ ਨੂੰ ਇਸ ਦੀ ਲੋੜ ਸੀ, ਇਹ ਦਵਾਈ ਨਹੀਂ ਖ਼ਰੀਦ ਸਕੇ। ਅਦਾਲਤ ਨੇ ਕਿਹਾ, ‘ਤੁਹਾਡਾ ਇਹ ਕਹਿਣਾ ਗਲਤ ਹੈ ਕਿ ਦਵਾਈ ਦੀ ਸਪਲਾਈ ’ਚ ਘਾਟ ਨਹੀਂ ਸੀ। ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣੀਆਂ ਅੱਖਾਂ ਬੰਦ ਕਰ ਲਈਏ। ਤੁਸੀਂ ਸੋਚਦੇ ਹੋ ਕਿ ਤੁਸੀਂ ਇਸ ਤੋਂ ਬਚ ਕੇ ਨਿਕਲ ਜਾਉਗੇ।’ ਬੈਂਚ ਨੇ ਕਿਹਾ, ‘ਤੁਸੀਂ ਸਾਨੂੰ ਹਲਕੇ ’ਚ ਨਹੀਂ ਲੈ ਸਕਦੇ। ਜੇਕਰ ਤੁਹਾਨੂੰ ਲੱਗਦਾ ਹੈ ਅਸੀਂ ਕੁਝ ਨਹੀਂ ਜਾਣਦੇ, ਤਾਂ ਅਜਿਹਾ ਨਹੀਂ ਹੈ। ਬੇਹਤਰ ਹੋਵੇਗਾ ਕਿ ਤੁਸੀਂ ਆਪਣਾ ਕੰਮ ਕਰੋ। ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰ ਸਕਦੇ ਤਾਂ ਸਾਨੂੰ ਦੱਸੋ, ਅਸੀਂ ਤੁਹਾਨੂੰ ਮੁਅੱਤਲ ਕਰ ਦੇਵਾਂਗੇ ਅਤੇ ਤੁਹਾਡਾ ਕੰਮ ਕਿਸੇ ਹੋਰ ਨੂੰ ਸੌਂਪ ਦੇਵਾਂਗੇ।’ -ਪੀਟੀਆਈ
ਬੈਂਚ ਨੇ ਗੰਭੀਰ ਦੇ ਬਿਆਨ ’ਤੇ ਨਾਰਾਜ਼ਗੀ ਪ੍ਰਗਟਾਈ
ਬੈਂਚ ਨੇ ਗੰਭੀਰ ਦੇ ਉਸ ਬਿਆਨ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਉਹ ਅਜਿਹਾ ਕੰਮ ਕਰਨਾ ਜਾਰੀ ਰੱਖਣਗੇ। ਬੈਂਚ ਨੇ ਕਿਹਾ, ‘ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਇਹ ਪ੍ਰਵਿਰਤੀ ਗਲਤ ਹੈ। ਲੋਕਾਂ ਵੱਲੋਂ ਹਾਲਾਤ ਦਾ ਫਾਇਦਾ ਲੈਣਾ ਅਤੇ ਫਿਰ ਖ਼ੁਦ ਨੂੰ ਮਦਦਗਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਨਾ, ਜਦਕਿ ਇਹ ਸਮੱਸਿਆ ਉਨ੍ਹਾਂ ਵੱਲੋਂ ਹੀ ਖੜ੍ਹੀ ਕੀਤੀ ਗਈ ਹੁੰਦੀ ਹੈ। ਲੋਕਾਂ ਦੀ ਅਜਿਹੀ ਪ੍ਰਵਿਰਤੀ ਦੀ ਆਲੋਚਨਾ ਹੋਣੀ ਚਾਹੀਦੀ ਹੈ। ਜੇਕਰ ਉਹ ਕਰਨਾ ਜਾਰੀ ਰੱਖਦਾ ਹੈ, ਅਸੀਂ ਜਾਣਦੇ ਹਾਂ ਕਿ ਉਸ ਨਾਲ ਕਿਵੇਂ ਨਜਿੱਠਣਾ ਹੈ।’