ਨਵੀਂ ਦਿੱਲੀ, 21 ਦਸੰਬਰ
ਇਥੋਂ ਕਨਾਟ ਪਲੇਸ ਅਤੇ ਕੇਜੀ ਮਾਰਗ ਉੱਤੇ ਸਥਿਤ 8 ਬਹੁ-ਮੰਜ਼ਿਲਾਂ ਕਮਰਸ਼ੀਅਲ ਇਮਾਰਤਾਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਇਮਾਰਤਾਂ ਦੇ ਪ੍ਰਬੰਧਕਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਫਾਇਰ ਸੁਰੱਖਿਆ ਸਰਟੀਫਿਕੇਟ ਨਵਿਆਏ ਨਹੀਂ ਹਨ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁੱਲ ਗਰਗ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਰਿਆ ਕਿਰਨ ਬਿਲਡਿੰਗ ਕਨਾਟ ਪਲੇਸ, ਕੇਜੀ ਮਾਰਗ ਉੱਤੇ ਸਥਿਤ ਮਰਕੈਨਟਾਈਲ ਹਾਊਸ, ਬਾਰਾਖੰਭਾ ਰੋਡ ਉੱਤੇ ਸਥਿਤ ਅਕਾਸ਼ਦੀਪ ਬਿਲਡਿੰਗ, ਇਲਾਹਾਬਾਦ ਬੈਂਕ ਬਿਲਡਿੰਗ, ਪੰਜਾਬ ਨੈਸ਼ਨਲ ਬੈਂਕ ਬਿਲਡਿੰਗ ਤੇ ਹੋਰਨਾਂ ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। -ਪੀਟੀਆਈ