ਨਵੀਂ ਦਿੱਲੀ, 20 ਅਪਰੈਲ
ਦਿੱਲੀ ਦੇ ਓਲਾ ਅਤੇ ਊਬਰ ਟੈਕਸੀ ਡਰਾਈਵਰਾਂ ਨੇ ਸਰਕਾਰ ਵੱਲੋਂ ਸੀਐਨਜੀ ’ਤੇ ਸਬਸਿਡੀ ਦੇਣ ਅਤੇ ਕਿਰਾਏ ਦੀਆਂ ਦਰਾਂ ਨਵੇਂ ਸਿਰਿਓਂ ਤੈਅ ਕਰਨ ਦੀ ਮੰਗ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ਬਾਅਦ ਆਪਣੀ ਹੜਤਾਲ 15 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਦੀ ਹੜਤਾਲ ਸੋਮਵਾਰ ਨੂੰ ਸ਼ੁਰੂ ਹੋਈ ਸੀ ਪਰ ਲੋਕਾਂ ਨੂੰ ਸ਼ਹਿਰ ਵਿੱਚ ਆਟੋ ਰਿਕਸ਼ਾ ਚੱਲਣ ਕਾਰਨ ਕੁਝ ਰਾਹਤ ਸੀ। ਸਰਵੋਦਿਆ ਡਰਾਈਵਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਰਾਠੌਰ ਨੇ ਕਿਹਾ ਕਿ ਹੜਤਾਲ ਨੂੰ 15 ਦਿਨਾਂ ਲਈ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨਾਲ ਮੰਗਲਵਾਰ ਨੂੰ ਮੀਟਿੰਗ ਕੀਤੀ ਸੀ। ਉਨ੍ਹਾਂ ਨੇ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਸੀ ਤੇ 10 ਦਿਨ ਇੰਤਜ਼ਾਰ ਕਰਨ ਲਈ ਕਿਹਾ ਸੀ। ਅੱਜ ਉਨ੍ਹਾਂ ਨੇ ਕਿਰਾਏ ਤੈਅ ਕਰਨ ਲਈ ਇਕ ਕਮੇਟੀ ਬਣਾ ਦਿੱਤੀ ਹੈ, ਜਿਸ ਨੂੰ ਦੇਖਦਿਆਂ ਅਸੀਂ ਆਪਣੀ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਕੈਬ ਡਰਾਈਵਰ ਕੰਮ ਕਰਨਾ ਸ਼ੁਰੂ ਕਰ ਦੇਣਗੇ। -ਏਜੰਸੀ