ਨਵੀਂ ਦਿੱਲੀ (ਮਨਧੀਰ ਦਿਓਲ): ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਸੰਘਰਸ਼ ਦੀ ਰਿਪੋਰਟਿੰਗ ਕਰ ਰਹੇ ਦੋ ਪੱਤਰਕਾਰਾਂ ਨੂੰ ਅੱਜ ਦੇਰ ਸ਼ਾਮ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੀ ਪਛਾਣ ਮਨਦੀਪ ਪੂਨੀਆ ਤੇ ਧਰਮਿੰਦਰ ਸਿੰਘ ਵਜੋਂ ਹੋਈ ਹੈ। ਪੂਨੀਆ ਫਰੀਲਾਂਸ ਪੱਤਰਕਾਰ ਹੈ, ਜੋ ‘ਕਾਰਵਾਂ’ ਮੈਗਜ਼ੀਨ ਅਤੇ ‘ਜਨਪਥ’ (ਆਨਲਾਈਨ) ਲਈ ਰਿਪੋਰਟਿੰਗ ਕਰਦਾ ਹੈ, ਜਦੋਂਕਿ ਧਰਮਿੰਦਰ ਸਿੰਘ ਆਨਲਾਈਨ ‘ਨਿਊਜ਼ ਇੰਡੀਆ’ ਲਈ ਪੱਤਰਕਾਰੀ ਕਰਦਾ ਹੈ। ਦੋਵਾਂ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਦਿੱਲੀ ਪੁਲੀਸ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਧਰ ਕਿਸਾਨ ਸੰਯੁਕਤ ਮੋਰਚੇ ਨੇ ਕਿਹਾ ਕਿ ਪੁਲੀਸ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ ਨੂੰ ਅਣਮਨੁੱਖੀ ਢੰਗ ਨਾਲ ਧਰਨਿਆਂ ਤੋਂ ਗ੍ਰਿਫ਼ਤਾਰ ਕਰ ਰਹੀ ਹੈ। ਉਨ੍ਹਾਂ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਆਗੂ ਯੋਗੇਂਦਰ ਯਾਦਵ ਨੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਜ਼ਾਦ ਮੀਡੀਆ ’ਤੇ ਵੱਧ ਰਹੇ ਖਤਰੇ ਦੀ ਇਹ ਇਕ ਹੋਰ ਮਿਸਾਲ ਹੈ।