ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਮਈ
ਦਿੱਲੀ ਪੁਲੀਸ ਨੇ ਅੱਜ ਸਵੇਰੇ ਜੰਤਰ-ਮੰਤਰ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਕੁਝ ਪੁਲੀਸ ਮੁਲਾਜ਼ਮਾਂ ਵਿਚਕਾਰ ਹੱਥੋਪਾਈ ਹੋ ਗਈ, ਜਿਸ ਕਾਰਨ ਕੁਝ ਪ੍ਰਦਰਸ਼ਨਕਾਰੀਆਂ ਦੇ ਸਿਰ ‘ਤੇ ਸੱਟਾਂ ਲੱਗੀਆਂ। ਜਿੱਥੇ ਪਹਿਲਵਾਨਾਂ ਦਾ ਵਿਰੋਧ ਹੋ ਰਿਹਾ ਹੈ, ਉਸ ਥਾਂ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਪਹਿਲਵਾਨਾਂ ਵੱਲੋਂ ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਧਰਨੇ ਵਾਲੀ ਥਾਂ ‘ਤੇ ਇਕੱਠੇ ਹੋਣ ਲਈ ਬੁਲਾਉਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲੀਸ ਸ਼ਹਿਰ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ ਤਾਂ ਜੋ ਜੰਤਰ ਮੰਤਰ ‘ਤੇ ਭੀੜ ਇਕੱਠੀ ਨਾ ਹੋ ਸਕੇ।
ਇਸ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ ‘ਤੇ ਦਿੱਲੀ ਨੂੰ ਆਉਣ ਵਾਲੀ ਲੇਨ ‘ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਸਿੰਘੂ ਬਾਰਡਰ ‘ਤੇ ਪੁਲੀਸ ਵਲੋਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੱਡੀਆਂ ਨੂੰ ਇਕ-ਇਕ ਕਰਕੇ ਦਿੱਲੀ ਵਿਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ ਅਤੇ ਯਾਤਰੀ ਕਈ ਘੰਟੇ ਜਾਮ ਵਿਚ ਫਸੇ ਰਹੇ |