ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ 2020 ਦੇ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੌਰਾਨ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਨਾਲ ਸਬੰਧਤ ਕੇਸ ਵਿੱਚ ਛੇ ਲੋਕਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਜ ਨਿਵਾਸ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਾਗਰਿਕਤਾ ਸੋਧ ਬਿੱਲ ਦਾ ਜਮਹੂਰੀ ਢੰਗ ਨਾਲ ਵਿਰੋਧ ਕਰਨ ਦੀ ਆੜ ਹੇਠ ਇੱਕ ਡੂੰਘੀ ਸਾਜ਼ਿਸ਼ ਰਚੀ ਗਈ ਸੀ ਜਿਸ ਕਾਰਨ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਦੰਗੇ ਹੋਏ ਸਨ। ਪੀੜਤ 25 ਸਾਲਾ ਸ਼ਾਹਿਦ ਉਰਫ ਅੱਲ੍ਹਾ ਮੇਹਰ ਵਾਸੀ ਨਿਊ ਮੁਸਤਫਾਬਾਦ ਦੀ 24 ਫਰਵਰੀ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ 1 ਮਾਰਚ, 2020 ਨੂੰ ਦਿਆਲਪੁਰ ਥਾਣੇ ਵਿੱਚ ਮੁਹੰਮਦ ਫ਼ਿਰੋਜ਼, ਚਾਂਦ ਮੁਹੰਮਦ, ਰਈਸ ਖ਼ਾਨ, ਮੁਹੰਮਦ ਜੁਨੈਦ, ਇਰਸ਼ਾਦ ਅਤੇ ਅਕੀਲ ਅਹਿਮਦ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।