ਨਵੀਂ ਦਿੱਲੀ, 2 ਮਾਰਚ
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸ਼ਾਹਕਾਰ ਰੂਸੀ ਰਚਨਾ ‘ਕ੍ਰਾਈਮ ਐਂਡ ਪਨਿਸ਼ਮੈਂਟ’ ਦਾ ਹਵਾਲਾ ਦਿੰਦਿਆਂ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੂੰ ਇਰਾਦਾ ਕਤਲ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਨਾਵਲ ਦੇ ਹਵਾਲੇ ਨਾਲ ਕਿਹਾ, ‘ਤੁਸੀਂ ਸੈਂਕੜੇ ਖਰਗੋਸ਼ਾਂ ਨਾਲ ਇੱਕ ਘੋੜਾ ਨਹੀਂ ਬਣਾ ਸਕਦੇ ਤੇ ਹਜ਼ਾਰਾਂ ਸ਼ੱਕ ਇੱਕ ਸਬੂਤ ਨਹੀਂ ਬਣ ਸਕਦੇ।’ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਇਮਰਾਨ ਤੇ ਬਾਬੂ ਨੂੰ ਇਰਾਦਾ ਕਤਲ ਦੇ ਦੋਸ਼ਾਂ ਤੋਂ ਬਰੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਿਵੇਂ ਕੀਤਾ ਜਾ ਸਕਦਾ ਹੈ ਜੇਕਰ ਇਹ ਦੋਵੇਂ ਪੁਲੀਸ ਦੀ ਜਾਂਚ ’ਚ ਸ਼ਾਮਲ ਹੀ ਨਹੀਂ ਹਨ ਅਤੇ ਨਾ ਹੀ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਕਦੀ ਦੇਖਿਆ ਹੈ। ਉਨ੍ਹਾਂ ਕਿਹਾ, ‘ਇਹ ਕੇਸ ਹੈ ਕਿ ਕਿਸ ਨੇ ਕਿਸ ਨੂੰ ਕਦੋਂ ਤੇ ਕਿੱਥੇ ਗੋਲੀ ਮਾਰੀ।’ -ਪੀਟੀਆਈ