ਨਵੀਂ ਦਿੱਲੀ, 26 ਅਪਰੈਲ
ਇਥੋਂ ਦੀ ਇਕ ਅਦਾਲਤ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੀ ਜਾਂਚ ਨੂੰ ਲੈ ਕੇ ਅੱਜ ਪੁਲੀਸ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੇ ਠੀਕ ਢੰਗ ਨਾਲ ਇਸ ਦੀ ਜਾਂਚ ਨਹੀਂ ਕੀਤੀ।
ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਨਿਸਾਰ ਅਹਿਮਦ ਦੀ ਸ਼ਿਕਾਇਤ ’ਤੇ ਦੋ ਵੱਖੋ ਵੱਖਰੀਆਂ ਐੱਫਆਈਆਰ ਦਰਜ ਕਰਨ ਦੇ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਦਾਖ਼ਲ ਕੀਤੀ ਗਈ ਨਜ਼ਰਸਾਨੀ ਅਰਜ਼ੀ ਨੂੰ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ। ਸੈਸ਼ਨ ਅਦਾਲਤ ਨੇ ਕਿਹਾ ਕਿ ਪੁਲੀਸ ਨੇ ਦੋ ਐੱਫਆਈਆਰਜ਼ ਦਰਜ ਕਰਨ ਦੀ ਬਜਾਏ ਅਹਿਮਦ ਦੀ ਸ਼ਿਕਾਇਤ ਨੂੰ ਇਕ ਹੋਰ ਐੱਫਆਈਆਰ ਨਾਲ ਜੋੜ ਦਿੱਤਾ ਜੋ ਪਿਛਲੇ ਸਾਲ 25 ਫਰਵਰੀ ਨੂੰ ਵਾਪਰੀ ਇਕ ਘਟਨਾ ਨਾਲ ਸਬੰਧਤ ਸੀ। ਪੁਲੀਸ ਨੇ ਇਹ ਵੀ ਨਹੀਂ ਦੇਖਿਆ ਕਿ ਉਸ ਦੀ ਸ਼ਿਕਾਇਤ ’ਚ 24 ਅਤੇ 25 ਫਰਵਰੀ ਨੂੰ ਹੋਈਆਂ ਦੋ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਜੱਜ ਨੇ ਕਿਹਾ,‘‘ਮੈਨੂੰ ਸੂਬੇ ਦੀ ਇਸ ਪਟੀਸ਼ਨ ’ਚ ਕੋਈ ਦਲੀਲ ਨਹੀਂ ਮਿਲੀ। ਜਾਂਚ ਏਜੰਸੀ ਕਾਨੂੰਨ ਦੇ ਗਲਤ ਪਾਸੇ ਖੜ੍ਹੀ ਦਿਖਾਈ ਦਿੱਤੀ। ਇਸ ਅਦਾਲਤ ਨੂੰ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ’ਚ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਦੀ ਘਾਟ ਮਿਲੀ ਹੈ। ਅਜੇ ਸਾਰਾ ਕੁਝ ਖ਼ਤਮ ਨਹੀਂ ਹੋਇਆ ਹੈ।
ਜੇਕਰ ਸੀਨੀਅਰ ਅਧਿਕਾਰੀ ਹੁਣ ਇਨ੍ਹਾਂ ਕੇਸਾਂ ਦੀ ਜਾਂਚ ਕਰਕੇ ਇਹਤਿਆਤੀ ਕਦਮ ਉਠਾਉਣ ਤਾਂ ਪੀੜਤਾਂ ਨੂੰ ਇਨਸਾਫ਼ ਮਿਲ ਸਕਦਾ ਹੈ।’’ ਅਹਿਮਦ ਨੇ ਸ਼ਿਕਾਇਤ ਦਿੱਤੀ ਸੀ ਕਿ 25 ਫਰਵਰੀ, 2020 ਨੂੰ ਦੰਗਾਕਾਰੀ ਭੀੜ ਨੇ ਗੋਕਲਪੁਰੀ ਇਲਾਕੇ ’ਚ ਉਸ ਦੇ ਘਰ ’ਚ ਭੰਨ-ਤੋੜ ਅਤੇ ਲੁੱਟਮਾਰ ਕੀਤੀ ਸੀ ਅਤੇ ਬਾਹਰ ਖੜ੍ਹੀਆਂ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਸੀ। ਪੁਲੀਸ ਨੇ ਘਟਨਾ ਦਾ ਜ਼ਿਕਰ ਕੀਤੇ ਬਿਨਾਂ ਉਸ ਦੀ ਸ਼ਿਕਾਇਤ ਨੂੰ ਇਕ ਹੋਰ ਐੱਫਆਈਆਰ ਨਾਲ ਜੋੜ ਦਿੱਤਾ ਸੀ। -ਪੀਟੀਆਈ