ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿੱਚ ਪਿਛਲੇ ਸਾਲ ਹੋਏ ਫ਼ਿਰਕੂ ਦੰਗਿਆਂ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਜੇਐੱਨਯੂ ਦੇ ਵਿਦਿਆਰਥੀਆਂ- ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਲੀਤਾ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਅਨੂਪ ਜੈਰਾਮ ਭੰਭਾਨੀ ਨੇ ਨਰਵਾਲ ਅਤੇ ਕਲੀਤਾ ਦੇ ਵਕੀਲ ਦੇ ਤਰਕ ਸੁਣਨ ਮਗਰੋਂ ਜ਼ਮਾਨਤ ਅਰਜ਼ੀਆਂ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ। ਦੋਵਾਂ ਵਿਦਿਆਰਥੀਆਂ ਲਈ ਪੇਸ਼ ਹੋਏ ਐਡਵੋਕੇਟ ਆਦਿਤ ਐੱਸ ਪੁਜਾਰੀ ਨੇ ਬੈਂਚ ਅੱਗੇ ਤਰਕ ਦਿੱਤਾ ਕਿ ਕੇਸ ਵਿੱਚ ਕੀਤੀ ਗਈ ਜਾਂਚ ‘ਦਾਗੀ’ ਸੀ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਮਹਾਜਨ ਨੇ ਜ਼ਮਾਨਤ ਅਰਜ਼ੀਆਂ ਦਾ ਵਿਰੋਧ ਕੀਤਾ ਤੇ ਦਾਅਵਾ ਕੀਤਾ ਕਿ ਦੰਗਿਆਂ ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਨਰਵਾਲ ਤੇ ਕਲੀਤਾ ਚੰਗੀ ਤਰ੍ਹਾਂ ਜਾਣੂ ਸਨ ਤੇ ਕਿਹਾ ਕਿ ਜ਼ਮਾਨਤ ਦੇਣ ਦੇ ਨਤੀਜੇ ਮਾੜੇ ਹੋ ਸਕਦੇ ਹਨ। ਪੁਲੀਸ ਨੇ ਕਿਹਾ ਕਿ ਇਹ ਵਿਦਿਆਰਥੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਖੁਸ਼ਹਾਲੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। -ਪੀਟੀਆਈ