ਨਵੀਂ ਦਿੱਲੀ, 28 ਅਕਤੂਬਰ
ਇੱਥੋਂ ਦੀ ਇਕ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ’ਚ ਸਾਜ਼ਿਸ਼ ਰਚਣ ਨਾਲ ਜੁੜੇ ਇਕ ਮਾਮਲੇ ’ਚ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤੇ ਗਏ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨ੍ਹਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 26 ਅਕਤੂਬਰ ਨੂੰ ਪਾਸ ਹੁਕਮ ਵਿਚ ਕਿਹਾ ਗਿਆ ਹੈ ਕਿ ਇਸ ਗੱਲ ’ਤੇ ਭਰੋਸਾ ਕਰਨ ਦੇ ਕਈ ਕਾਰਨ-ਅਧਾਰ ਹਨ ਕਿ ਤਨ੍ਹਾ ਖ਼ਿਲਾਫ਼ ਲੱਗੇ ਦੋਸ਼ ਸਹੀ ਹਨ। ਅਦਾਲਤ ਨੇ ਨਾਲ ਹੀ ਕਿਹਾ ਕਿ ਸੀਏਏ ਵਿਰੁੱਧ ਮੁਜ਼ਾਹਰਿਆਂ ਦੇ ‘ਪਰਦੇ ਹੇਠ’ ਜ਼ੋਰਦਾਰ ਸੰਘਰਸ਼ ਨੂੰ ‘ਹੋਰਨਾਂ ਹਿੰਸਕ ਗਤੀਵਿਧੀਆਂ ਨਾਲ ਜੋੜਿਆ ਗਿਆ।’ ਅਜਿਹੀਆਂ ਗਤੀਵਿਧੀਆਂ ਦਾ ਮਕਸਦ ‘ਭਾਰਤ ਖ਼ਿਲਾਫ਼ ਬ਼ਗਾਵਤ’ ਪੈਦਾ ਕਰਨਾ ਸੀ। ਆਸਿਫ਼ ਨੂੰ ਦੰਗਿਆਂ ਸਬੰਧੀ ‘ਸੋਚੀ-ਸਮਝੀ ਸਾਜ਼ਿਸ਼’ ਦਾ ਕਥਿਤ ਰੂਪ ਵਿਚ ਹਿੱਸਾ ਹੋਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ-ਪੂਰਬੀ ਦਿੱਲੀ ਵਿਚ 24 ਫਰਵਰੀ ਨੂੰ ਸੋਧੇ ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਸ਼ੁਰੂ ਹੋਈ ਫ਼ਿਰਕੂ ਹਿੰਸਾ ਵਿਚ 53 ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 200 ਫੱਟੜ ਵੀ ਹੋ ਗਏ ਸਨ।
-ਏਜੰਸੀ