ਨਵੀਂ ਦਿੱਲੀ, 3 ਨਵੰਬਰ
ਦਿੱਲੀ ਹਾਈ ਕੋਰਟ ਨੇ ਦੱਖਣ-ਪੂਰਬੀ ਦਿੱਲੀ ’ਚ ਫਰਵਰੀ ਮਹੀਨੇ ਹੋਏ ਦੰਗਿਆਂ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਕਈ ਮੁਲ਼ਜ਼ਮਾਂ ਨੂੰ ਮੁੱਢਲੀਆਂ ਵਸਤਾਂ ਨਾ ਦਿੱਤੇ ਜਾਣ ਦੀਆਂ ਸ਼ਿਕਾਇਤਾਂ ’ਤੇ ਜੇਲ੍ਹ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਜੱਜ ਖ਼ੁਦ ਜੇਲ੍ਹ ਦਾ ਨਿਰੀਖਣ ਕਰਨ ਲਈ ਜਾਵੇਗਾ। ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਦੌਰਾਨ 15 ਵਿੱਚੋਂ 7 ਮੁਲਜ਼ਮਾਂ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਗਰਮ ਕੱਪੜੇ ਨਹੀਂ ਦਿੱਤੇ ਜਾ ਰਹੇ।
ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਦਿੱਲੀ ਜੇਲ੍ਹਾਂ ਦੇ ਡਾਇਰੈਕਟਰ ਜਨਰਲ ਨੂੰ ਨਿਰਦੇਸ਼ ਦਿੱਤੇ ਕਿ ਇਸ ਕੇਸ ’ਚ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਤਹਿਤ ਨਾਮਜ਼ਦ ਸਾਰੇ 15 ਮੁਲਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇ ਅਤੇ ਕਿਹਾ ਕਿ ਫਿਰ ਸ਼ਿਕਾਇਤ ਆਉਣ ’ਤੇ ਉਹ ਖ਼ੁਦ ਜਾ ਕੇ ਮੰਡੋਲੀ ਅਤੇ ਤਿਹਾੜ ਜੇਲ੍ਹ ਦਾ ਨਿਰੀਖਣ ਕਰ ਸਕਦੇ ਹਨ। ਅਦਾਲਤ ਨੇ ਅਧਿਕਾਰੀਆਂ ਨੂੰ 23 ਨਵੰਬਰ ਨੂੰ ਸਥਿਤੀ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ। -ਪੀਟੀਆਈ