ਨਵੀਂ ਦਿੱਲੀ, 15 ਅਪਰੈਲ
ਇਥੋਂ ਦੀ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ’ਚ ਪਿਛਲੇ ਸਾਲ ਫਰਵਰੀ ’ਚ ਹੋਏ ਫਿਰਕੂ ਦੰਗਿਆਂ ਨਾਲ ਸਬੰਧਤ ਕੇਸ ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਖਾਲਿਦ ਸੀਸੀਟੀਵੀ ਫੁਟੇਜ ਜਾਂ ਵਾਇਰਲ ਵੀਡੀਓਜ਼ ’ਚ ਘਟਨਾ ਵਾਲੇ ਦਿਨ ਉਥੇ ਦਿਖਾਈ ਨਹੀਂ ਦਿੰਦਾ ਹੈ। ਇਸੇ ਤਰ੍ਹਾਂ ਉਸ ਖ਼ਿਲਾਫ਼ ਨਾ ਕੋਈ ਵਿਅਕਤੀ ਅਤੇ ਨਾ ਹੀ ਪੁਲੀਸ ਦਾ ਕੋਈ ਗਵਾਹ ਭੁਗਤਿਆ ਹੈ ਜਿਸ ਤੋਂ ਆਖਿਆ ਜਾ ਸਕਦਾ ਹੈ ਕਿ ਉਹ ਜੁਰਮ ਹੋਣ ਵਾਲੇ ਦਿਨ ਮੌਕੇ ’ਤੇ ਮੌਜੂਦ ਨਹੀਂ ਸੀ। ਅਦਾਲਤ ਨੇ ਕਿਹਾ ਕਿ ਘਟਨਾ ਵਾਲੇ ਦਿਨ ਖਾਲਿਦ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਵੀ ਉਥੋਂ ਦੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਰਜ਼ੀਕਾਰ ਨੂੰ ਸਿਰਫ਼ ਉਸ ਦੇ ਬਿਆਨ ਦੇ ਆਧਾਰ ’ਤੇ ਹੀ ਕੇਸ ’ਚ ਫਸਾਇਆ ਜਾ ਰਿਹਾ ਹੈ। ਅਦਾਲਤ ਨੇ ਵਿਰੋਧੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਕਿ ਖਾਲਿਦ ਸਹਿ ਮੁਲਜ਼ਮ ਤਾਹਿਰ ਹੁਸੈਨ ਅਤੇ ਖਾਲਿਦ ਸੈਫ਼ੀ ਦੇ ਸੰਪਰਕ ’ਚ ਸੀ, ਨੂੰ ਵੀ ਸਿਰੇ ਤੋਂ ਨਕਾਰ ਦਿੱਤਾ। ਖਾਲਿਦ ਨੂੰ ਭਾਵੇਂ ਜ਼ਮਾਨਤ ਮਿਲ ਗਈ ਹੈ ਪਰ ਉਹ ਅਜੇ ਜੇਲ੍ਹ ’ਚ ਹੀ ਰਹੇਗਾ ਕਿਉਂਕਿ ਯੂਏਪੀਏ ਤਹਿਤ ਉਸ ਖ਼ਿਲਾਫ਼ ਕੁਝ ਹੋਰ ਕੇਸ ਚੱਲ ਰਹੇ ਹਨ। ਮੌਜੂਦਾ ਕੇਸ ’ਚ ਐੱਫਆਈਆਰ ਕਾਂਸਟੇਬਲ ਸੰਗਰਾਮ ਸਿੰਘ ਦੇ ਬਿਆਨ ’ਤੇ ਦਰਜ ਕੀਤੀ ਗਈ ਸੀ। ਉਸ ਨੇ ਦੋਸ਼ ਲਾਇਆ ਸੀ ਕਿ 24 ਫਰਵਰੀ, 2020 ਨੂੰ ਦੁਪਹਿਰ ਕਰੀਬ 2 ਵਜੇ ਭੀੜ ਨੇ ਉੱਤਰ-ਪੂਰਬ ਦੀ ਕਾਲੋਨੀ ’ਚ ਪਥਰਾਅ ਸ਼ੁਰੂ ਕਰ ਦਿੱਤਾ ਸੀ ਜਿਸ ’ਚ ਉਹ ਅਤੇ ਕੁਝ ਹੋਰ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਏ ਸਨ। -ਪੀਟੀਆਈ