ਨਵੀਂ ਦਿੱਲੀ, 17 ਸਤੰਬਰ
ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਫਰਵਰੀ ’ਚ ਹੋਏ ਦੰਗਿਆਂ ਦੌਰਾਨ ਪੁਲੀਸ ਦੀ ਭੂਮਿਕਾ ਤੋਂ ਇਲਾਵਾ ਘਟਨਾ ਦੀ ਜਾਂਚ ਦੇ ਸਬੰਧ ’ਚ ਆਪਣੇ ਖਦਸ਼ੇ ਜ਼ਾਹਿਰ ਕੀਤੇ।
ਸੀਪੀਆਈ ਦੇ ਡੀ ਰਾਜਾ, ਸੀਪੀਆਈ (ਐੱਮ) ਦੇ ਸੀਤਾਰਾਮ ਯੇਚੁਰੀ, ਕਾਂਗਰਸ ਦੇ ਅਹਿਮਦ ਪਟੇਲ, ਡੀਐੱਮਕੇ ਦੀ ਕਨੀਮੋੜੀ ਤੇ ਆਰਜੇਡੀ ਦੇ ਪ੍ਰੋ. ਮਨੋਜ ਝਾਅ ਨੇ ਸਾਂਝੇ ਤੌਰ ’ਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ। ਦਿੱਲੀ ਪੁਲੀਸ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਅਤੇ ਵਿਸ਼ੇਸ਼ ਸੈੱਲ ਵੀ ਦਿੱਲੀ ਦੰਗਿਆਂ ਪਿਛਲੀ ਸਾਜ਼ਿਸ਼ ਦੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ, ‘ਹਿੰਸਾ ਦੌਰਾਨ ਦਿੱਲੀ ਪੁਲੀਸ ਦੀ ਭੂਮਿਕਾ ਅਤੇ ਜਿਸ ਤਰ੍ਹਾਂ ਪੁਲੀਸ ਸੀਏਏ, ਐੱਨਪੀਆਰ ਵਿਰੋਧੀ ਮੁਹਿੰਮ ’ਚ ਹਿੱਸਾ ਲੈਣ ਵਾਲੇ ਕਾਰਕੁਨਾਂ ਤੇ ਨੌਜਵਾਨਾਂ ਨੂੰ ਫਰਜ਼ੀ ਢੰਗ ਨਾਲ ਫਸਾਉਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਨੂੰ ਲੈ ਗੰਭੀਰ ਫਿਕਰਾਂ ਪੈਦਾ ਹੋਈਆਂ ਹਨ।’ ਉਨ੍ਹਾਂ ਕਿਹਾ, ‘ਸਿਆਸੀ ਆਗੂਆਂ ਨੂੰ ਫਸਾਉਣ ਲਈ ਹੁਣ ਇਸੇ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।’
ਮੰਗ ਪੱਤਰ ’ਚ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦਾ ਨਾਂ ਸ਼ਾਮਲ ਕਰਨ ਨੂੰ ਲੈ ਕੇ ਵੀ ਪੁਲੀਸ ਦੀ ਆਲੋਚਨਾ ਕੀਤੀ ਗਈ ਹੈ। ਆਗੂਆਂ ਨੇ ਕਿਹਾ, ‘ਇਹ ਪ੍ਰੇਸ਼ਾਨ ਕਰਨ ਵਾਲੀ ਪ੍ਰਵਿਰਤੀ ਹੈ ਅਤੇ ਜਾਂਚ ਦੇ ਤਰੀਕਿਆਂ ’ਤੇ ਗੰਭੀਰ ਸਵਾਲ ਖੜ੍ਹਾ ਹੁੰਦਾ ਹੈ। ਹਿੰਸਾ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਜਿਸ ’ਚ ਵਰਦੀ ਪਹਿਨੇ ਪੁਲੀਸ ਵਾਲੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਕੁੱਟਮਾਰ ਕਰਦਿਆਂ ਉਸ ਨੂੰ ਰਾਸ਼ਟਰ ਗਾਣ ਗਾਉਣ ਲਈ ਮਜਬੂਰ ਕਰਦੇ ਦਿਖਾਈ ਦੇ ਰਹੇ ਹਨ।’ ਉਨ੍ਹਾਂ ਕਿਹਾ ਕਿ ਹਿੰਸਾ ’ਚ ਇੱਕ ਡੀਸੀਪੀ, ਵਧੀਕ ਕਮਿਸ਼ਨਰ ਤੇ ਥਾਣਾ ਇੰਚਾਰਜ ਸਮੇਤ ਕਈ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ ਅਤੇ ਭਾਜਪਾ ਆਗੂਆਂ ਦੇ ਕਥਿਤ ਨਫ਼ਰਤ ਵਾਲੇ ਭਾਸ਼ਣਾਂ ਤੇ ਪੁਲੀਸ ਮੁਲਾਜ਼ਮਾਂ ਦੀ ਭੂਮਿਕਾ ਬਾਰੇ ਚੁੱਪ ਧਾਰ ਲਈ ਗਈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਾਨੂੰਨ ਤੇ ਪ੍ਰਬੰਧ ’ਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਨਿਰਪੱਖ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਦੇਸ਼ ’ਚ ਵਿਰੋਧ ਤੇ ਅਸਹਿਮਤੀ ਨੂੰ ਦਬਾ ਕੇ ਲੋਕਾਂ ਨੂੰ ਫਸਾਉਣ ਲਈ ਜਾਂਚ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਤੋਂ ਮੌਜੂਦਾ ਜਾਂ ਸੇਵਾਮੁਕਤ ਜੱਜ ਦੀ ਪ੍ਰਧਾਨਗੀ ਹੇਠ ਜਾਂਚ ਕਰਵਾਉਣ ਲਈ ਦਖਲ ਦੇਣ। -ਪੀਟੀਆਈ