ਨਵੀਂ ਦਿੱਲੀ, 24 ਸਤੰਬਰ
ਸੀਪੀਆਈ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਪੁਲੀਸ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ‘ਲੋਕ ਵਿਰੋਧੀ ਨੀਤੀਆਂ’ ਖਿਲਾਫ਼ ਬੋਲਣ ਵਾਲੇ ਸਿਆਸੀ ਆਗੂਆਂ ਤੇ ਕਾਰਕੁਨਾਂ ਨੂੰ ਫਰਵਰੀ ’ਚ ਹੋਏ ਦਿੱਲੀ ਦੰਗਿਆਂ ਦੇ ਕੇਸ ਵਿੱਚ ਫਸਾਉਣ ਦਾ ਯਤਨ ਕਰ ਰਹੀ ਹੈ।
ਸੀਪੀਆਈ ਨੇ ਜਾਂਚ ਦੀ ਨਿਰਪੱਖਤਾ ’ਤੇ ਖ਼ਦਸ਼ੇ ਜਤਾਉਂਦਿਆਂ ਕਿਹਾ ਕਿ ਦਿੱਲੀ ਪੁਲੀਸ ਦੀ ਜਾਂਚ ਉਨ੍ਹਾਂ ਲੋਕਾਂ ਨੂੰ ਅਪਰਾਧਕ ਕੇਸਾਂ ’ਚ ਫਸਾਉਣ ਦੀ ‘ਸਾਜ਼ਿਸ਼’ ਹੈ, ਜੋ ਮਨੁੱਖ ਹੱਕਾਂ ਦੀ ਉਲੰਘਣਾ ਤੇ ਅਨਿਆਂ ਖ਼ਿਲਾਫ਼ ਬੋਲਦੇ ਹਨ। ਪਾਰਟੀ ਨੇ ਕਿਹਾ ਕਿ ਪੁਲੀਸ ਹਿੰਸਾ ਦੇ ਅਸਲ ਸਾਜ਼ਿਸ਼ਘਾੜਿਆਂ ਨੂੰ ਫੜਨ ਦਾ ਆਪਣਾ ਅਸਲ ਕੰਮ ਨਹੀਂ ਕਰ ਰਹੀ।
ਦਿੱਲੀ ਪੁਲੀਸ ਵੱਲੋਂ ਦਿੱਲੀ ਦੰਗਿਆਂ ਨਾਲ ਸਬੰਧਤ ਕੇਸਾਂ ’ਚ ਦਾਇਰ ਹਾਲੀਆ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯਤੀ ਘੋਸ਼ ਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਨੂੰ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹਜੂਮ ਨੂੰ ਕਥਿਤ ‘ਭੜਕਾਉਣ ਤੇ ਇਕੱਠੇ’ ਕਰਨ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਨ੍ਹਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਏ ਤਿੰਨ ਵਿਦਿਆਰਥੀਆਂ ਦੇ ਬਿਆਨਾਂ ’ਤੇ ਨਾਮਜ਼ਦ ਕੀਤਾ ਗਿਆ ਹੈ। ਸੀਪੀਆਈ ਨੇ ਇਕ ਬਿਆਨ ਵਿੱਚ ਕਿਹਾ, ‘ਪਾਰਟੀ ਉੱਤਰ-ਪੱਛਮੀ ਦਿੱਲੀ ਦੰਗਿਆਂ ਦੀ ਜਾਂਚ ਵਿੱਚ ਦਿੱਲੀ ਪੁਲੀਸ ਦੀ ਭੂਮਿਕਾ ’ਤੇ ਅਫਸੋਸ ਜਤਾਉਂਦਿਆਂ ਸੀਪੀਆਈ ਦੀ ਕੌਮੀ ਕਾਰਜਕਾਰਨੀ ਮੈਂਬਰ ਤੇ ਐੱਨਐੱਫਆਈਡਬਲਿਊ ਦੀ ਜਨਰਲ ਸਕੱਤਰ ਐਨੀ ਰਾਜਾ, ਸਲਮਾਨ ਖੁਰਸ਼ੀਦ, ਬਰਿੰਦਾ ਕਰਤ, ਪ੍ਰਸ਼ਾਂਤ ਭੂਸ਼ਣ, ਅੰਜਲੀ ਭਾਰਦਵਾਜ, ਹਰਸ਼ ਮੰਦਰ ਤੇ ਰਾਹੁਲ ਰੌਏ ਸਮੇਤ ਹੋਰਨਾਂ ਆਗੂਆਂ ਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕਰਦੀ ਹੈ।’ -ਪੀਟੀਆਈ