ਨਵੀਂ ਦਿੱਲੀ: ਇਥੇ ਫਰਵਰੀ 2020 ’ਚ ਹੋਏ ਦੰਗਿਆਂ ਸਬੰਧੀ ਗ੍ਰਿਫ਼ਤਾਰ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਯੂਥ ਵਿੰਗ ਆਗੂ ਮੀਰਾਂ ਹੈਦਰ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀ ’ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲੀਸ ਤੋਂ ਜਵਾਬ ਤਲਬ ਕੀਤਾ ਹੈ। ਜਸਟਿਸ ਮੁਕਤਾ ਗੁਪਤਾ ਅਤੇ ਮਿਨੀ ਪੁਸ਼ਕਰਨਾ ਦੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਜਾਂਚ ਏਜੰਸੀ ਨੂੰ ਚਾਰ ਹਫ਼ਤਿਆਂ ’ਚ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਹੇਠਲੀ ਅਦਾਲਤ ਨੇ ਪਿਛਲੇ ਮਹੀਨੇ ਹੈਦਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪੁਲੀਸ ਨੇ ਹੈਦਰ ਤੋਂ ਇਲਾਵਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ, ਸ਼ਰਜੀਲ ਇਮਾਮ, ਕਾਰਕੁਨ ਖਾਲਿਦ ਸੈਫੀ, ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ, ਪਿੰਜਰਾ ਤੋੜ ਕਾਰਕੁਨ ਗੁਲਫਿਸ਼ਾ ਫਾਤਿਮਾ, ਸਫ਼ੂਰਾ ਜ਼ਰਗਰ, ਨਤਾਸ਼ਾ ਨਰਵਾਲ, ਦਿਵਾਂਗਨਾ ਕਾਲਿਤਾ ਅਤੇ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਖਾਲਿਦ ਅਤੇ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਹਾਈ ਕੋਰਟ ਕੋਲ ਬਕਾਇਆ ਪਈਆਂ ਹਨ। -ਪੀਟੀਆਈ