ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਦਿੱਲੀ ਵਿਚ ਹੋਏ ਫ਼ਿਰਕੂ ਦੰਗਿਆਂ ਦੌਰਾਨ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ’ਚ ਤਿੰਨ ਜਣਿਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਉਤੇ ਮ੍ਰਿਤਕ ਦੇ ਪੁੱਤਰ ਨੂੰ ਫੱਟੜ ਕਰਨ ਤੇ ਦੰਗਾ ਕਰਨ ਦਾ ਇਲਜ਼ਾਮ ਵੀ ਹੈ। ਦਿੱਲੀ ਹਾਈ ਕੋਰਟ ਨੇ ਸ਼ਬੀਰ ਅਲੀ, ਮਹਿਤਾਬ ਤੇ ਰਈਸ ਅਹਿਮਦ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ। ਜਸਟਿਸ ਮੁਕਤਾ ਗੁਪਤਾ ਨੇ ਕਿਹਾ ਕਿ ਇਨ੍ਹਾਂ ਜ਼ਮਾਨਤ ਅਰਜ਼ੀਆਂ ਵਿਚ ਮੁੱਦਾ ਇਹ ਉਠਾਇਆ ਗਿਆ ਹੈ ਕਿ ਕੀ ਪਟੀਸ਼ਨਕਰਤਾ ਉੱਤਰ-ਪੂਰਬ ਦਿੱਲੀ ਦੀ ਬ੍ਰਹਮਪੁਰੀ ਗਲੀ ਵਿਚ ਜੁੜੀ ਭੀੜ ਦਾ ਹਿੱਸਾ ਸਨ ਜਿਸ ਨੇ ਕਥਿਤ ਤੌਰ ’ਤੇ ਵਿਨੋਦ ਕੁਮਾਰ ਦੀ ਹੱਤਿਆ ਕੀਤੀ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਇਕ ਹੋਰ ਗਲੀ ਵਿਚ ਹਿੰਸਾ ਕਰਨ ਵਾਲੀ ਭੀੜ ਦਾ ਹਿੱਸਾ ਜ਼ਰੂਰ ਸਨ ਤੇ ਮਗਰੋਂ ਇਹੀ ਭੀੜ ਬ੍ਰਹਮਪੁਰੀ ਗਲੀ ਵਿਚ ਚਲੇ ਗਈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦੋਵੇਂ ਹੱਤਿਆ ਦੇ ਕੇਸ ਵਾਲੀ ਥਾਂ ਮੌਜੂਦ ਸਨ। -ਪੀਟੀਆਈ