ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਫਰਵਰੀ 2020 ’ਚ ਦਿੱਲੀ ’ਚ ਹੋਏ ਦੰਗਿਆਂ ਦੀ ਕਥਿਤ ਸਾਜ਼ਿਸ਼ ਨਾਲ ਸਬੰਧਤ ਯੂਏਪੀਏ ਤਹਿਤ ਦਰਜ ਕੇਸ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਜ਼ਮਾਨਤ ਦੇਣ ਤੋਂ ਅੱਜ ਇਨਕਾਰ ਕਰ ਦਿੱਤਾ ਹੈ। ਜਸਟਿਸ ਸਿਧਾਰਥ ਮ੍ਰਿਦੁਲ ਤੇ ਜਸਟਿਸ ਰਜਨੀਸ਼ ਭਟਨਾਗਰ ਦੇ ਬੈਂਚ ਨੇ ਕਿਹਾ, ‘ਜ਼ਮਾਨਤ ਅਰਜ਼ੀ ’ਚ ਕੋਈ ਠੋਸ ਕਾਰਨ ਨਹੀਂ ਦਿੱਤਾ ਗਿਆ। ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਂਦੀ ਹੈ।’ ਦਿੱਲੀ ਪੁਲੀਸ ਵੱਲੋਂ ਸਤੰਬਰ 2020 ’ਚ ਗ੍ਰਿਫ਼ਤਾਰ ਕੀਤੇ ਗਏ ਖਾਲਿਦ ਨੇ ਜ਼ਮਾਨਤ ਦੀ ਅਪੀਲ ਕਰਦਿਆਂ ਆਪਣੀ ਅਰਜ਼ੀ ’ਚ ਕਿਹਾ ਸੀ ਕਿ ਉੱਤਰ-ਪੂਰਬੀ ਦਿੱਲੀ ’ਚ ਹੋਈ ਹਿੰਸਾ ’ਚ ਉਸ ਦੀ ਕੋਈ ਅਪਰਾਧਿਕ ਭੂਮਿਕਾ ਨਹੀਂ ਸੀ ਅਤੇ ਕੇਸ ਦੇ ਹੋਰਨਾਂ ਮੁਲਜ਼ਮਾਂ ਨਾਲ ਉਸ ਦਾ ਕਿਸੇ ਤਰ੍ਹਾਂ ਦਾ ‘ਸਾਜ਼ਿਸ਼ੀ ਸੰਪਰਕ’ ਵੀ ਨਹੀਂ ਸੀ। ਦਿੱਲੀ ਪੁਲੀਸ ਨੇ ਖਾਲਿਦ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਹੈ। ਖਾਲਿਦ, ਸ਼ਰਜੀਲ ਇਮਾਮ ਤੇ ਕਈ ਹੋਰਾਂ ਖ਼ਿਲਾਫ਼ ਯੂਏਪੀਏ ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ’ਤੇ ਫਰਵਰੀ 2020 ਦੇ ਦੰਗਿਆਂ ਦੀ ਸਾਜ਼ਿਸ਼ ਘੜਨ ਦਾ ਦੋਸ਼ ਹੈ। -ਪੀਟੀਆਈ