ਨਵੀਂ ਦਿੱਲੀ, 22 ਅਕਤੂਬਰ
ਇਥੋਂ ਦੀ ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਫਰਵਰੀ ’ਚ ਉੱਤਰ ਪੂਰਬੀ ਦਿੱਲੀ ’ਚ ਹੋਏ ਦੰਗੇ ਕੌਮੀ ਰਾਜਧਾਨੀ ’ਚ ‘ਵੰਡ ਤੋਂ ਬਾਅਦ ਸਭ ਤੋਂ ਭਿਆਨਕ ਫਿਰਕੂ ਦੰਗੇ ਸਨ’ ਅਤੇ ਇਹ ‘ਵੱਡੀ ਆਲਮੀ ਤਾਕਤ’ ਬਣਨ ਦੀ ਖਾਹਿਸ਼ ਰੱਖਣ ਵਾਲੇ ਮੁਲਕ ਦੀ ਰੂਹ ’ਤੇ ਜ਼ਖ਼ਮ ਸਨ। ਅਦਾਲਤ ਨੇ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਤਿੰਨ ਕੇਸਾਂ ’ਚ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਅਦਾਲਤ ਨੇ ਕਿਹਾ,‘‘ਇਹ ਸਾਧਾਰਨ ਜਾਣਕਾਰੀ ਹੈ ਕਿ 24 ਫਰਵਰੀ ਨੂੰ ਉੱਤਰ ਪੂਰਬੀ ਦਿੱਲੀ ਦੇ ਕਈ ਹਿੱਸੇ ਫਿਰਕੂ ਪਾਗਲਪਣ ਦੀ ਲਪੇਟ ’ਚ ਆ ਗਏ ਸਨ ਜਿਸ ਨੇ ਵੰਡ ਦੇ ਦਿਨਾਂ ’ਚ ਹੋਏ ਕਤਲੇਆਮ ਨੂੰ ਚੇਤੇ ਕਰਵਾ ਦਿੱਤਾ। ਦੰਗੇ ਛੇਤੀ ਹੀ ਜੰਗਲ ਦੀ ਅੱਗ ਵਾਂਗ ਰਾਜਧਾਨੀ ਦੇ ਹੋਰ ਹਿੰਸਿਆਂ ’ਚ ਫੈਲ ਗਏ ਅਤੇ ਵੱਧ ਤੋਂ ਵੱਧ ਬੇਕਸੂਰ ਲੋਕ ਇਸ ਦੇ ਘੇਰੇ ’ਚ ਆ ਗਏ।’’
ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਕਿਹਾ ਕਿ ਥੋੜੇ ਸਮੇਂ ’ਚ ਵੱਡੇ ਪੱਧਰ ’ਤੇ ਦੰਗੇ ਫੈਲਾਉਣਾ ‘ਸੋਚੀ ਸਮਝੀ ਸਾਜ਼ਿਸ਼’ ਤੋਂ ਬਿਨਾਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਮੰਨਣ ਲਈ ਰਿਕਾਰਡ ’ਚ ਢੁੱਕਵੇਂ ਤੱਥ ਹਨ ਕਿ ਹੁਸੈਨ ਮੌਕੇ ’ਤੇ ਮੌਜੂਦ ਸੀ ਅਤੇ ਇਕ ਵਿਸ਼ੇਸ਼ ਫਿਰਕੇ ਦੇ ਦੰਗਾਕਾਰੀਆਂ ਨੂੰ ਭੜਕਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਤਾਹਿਰ ਨੂੰ ਜ਼ਮਾਨਤ ’ਤੇ ਛੱਡਿਆ ਗਿਆ ਤਾਂ ਉਹ ਗਵਾਹਾਂ ਨੂੰ ਡਰਾ ਸਕਦਾ ਹੈ। ਜੱਜ ਨੇ ਮਸ਼ਹੂਰ ਅੰਗਰੇਜ਼ੀ ਅਖਾਣ ਦਾ ਜ਼ਿਕਰ ਕਰਦਿਆਂ ਕਿਹਾ,‘‘ਜਦੋਂ ਤੁਸੀਂ ਅੰਗਾਰਿਆਂ ਨਾਲ ਖੇਡਦੇ ਹੋ ਤਾਂ ਅੱਗ ਫੈਲਣ ਲਈ ਹਵਾ ’ਤੇ ਦੋਸ਼ ਨਹੀਂ ਮੜ੍ਹ ਸਕਦੇ ਹੋ।’’ ਉਨ੍ਹਾਂ ਕਿਹਾ ਕਿ ਤਾਹਿਰ ਹੁਸੈਨ ਹੁਣ ਇਹ ਨਹੀਂ ਆਖ ਸਕਦਾ ਹੈ ਕਿ ਉਹ ਮੌਕੇ ’ਤੇ ਮੌਜੂਦ ਨਹੀਂ ਸੀ ਅਤੇ ਦੰਗਿਆਂ ’ਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਕਿਹਾ ਕਿ ਤਾਹਿਰ ਨੇ ਲੋਕਾਂ ਨੂੰ ਭੜਕਾ ਕੇ ‘ਮਨੁੱਖੀ ਹਥਿਆਰਾਂ’ ਅਤੇ ਆਪਣੇ ਤਾਕਤਵਰ ਅਹੁਦੇ ਦੀ ਵਰਤੋਂ ਕੀਤੀ ਸੀ। ਜੱਜ ਨੇ ਇੰਟੈਲੀਜੈਂਸ ਬਿਉਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਕਰਨ ਲਈ ਮੁਲਜ਼ਮ ਸਮੀਰ ਖ਼ਾਨ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ। ਹੁਸੈਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕੇ ਕੇ ਮੈਨਨ ਨੇ ਦਾਅਵਾ ਕੀਤਾ ਕਿ ਕਾਨੂੰਨ ਦੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਪੁਲੀਸ ਅਤੇ ਉਸ ਦੇ ਸਿਆਸੀ ਵਿਰੋਧੀਆਂ ਨੇ ਉਸ ਨੂੰ ਝੂਠੇ ਮਾਮਲੇ ’ਚ ਫਸਾਇਆ ਹੈ। ਵਿਸ਼ੇਸ ਸਰਕਾਰੀ ਵਕੀਲ ਮਨੋਜ ਚੌਧਰੀ ਨੇ ਕਿਹਾ ਕਿ ਹੁਸੈਨ ਇਨ੍ਹਾਂ ਕੇਸਾਂ ’ਚ ਮੁੱਖ ਸਾਜ਼ਿਸ਼ਘਾੜਾ ਹੈ। -ਪੀਟੀਆਈ
ਊਮਰ ਖ਼ਾਲਿਦ ਨੇ ਅਦਾਲਤ ਨੂੰ ਜੇਲ੍ਹ ਕੋਠੜੀ ’ਚੋਂ ਬਾਹਰ ਨਾ ਨਿਕਲਣ ਦੇਣ ਬਾਰੇ ਦੱਸਿਆ
ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਊਮਰ ਖ਼ਾਲਿਦ, ਜਿਸ ਨੂੰ ਫਰਵਰੀ ਵਿੱਚ ਊੱਤਰ-ਪੂਰਬੀ ਦਿੱਲੀ ਦੰਗਿਆਂ ਦੇ ਸਬੰਧ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਅੱਜ ਇੱਥੇ ਅਦਾਲਤ ਨੂੰ ਦੱਸਿਆ ਕਿ ਊਸ ਨੂੰ ਆਪਣੇ ਸੈੱਲ (ਜੇਲ੍ਹ ਕੋਠੜੀ) ਵਿੱਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਅਤੇ ਇਹ ਇੱਕ ਤਰ੍ਹਾਂ ਦੀ ‘ਇਕੱਲੇ ਰੱਖਣ ਦੀ ਸਖ਼ਤ ਕੈਦ’ ਦੀ ਸਜ਼ਾ ਸੀ। ਵਧੀਕ ਸੈਸ਼ਨਜ਼ ਜੱਜ ਅਮਿਤਾਭ ਰਾਵਤ ਨੇ ਮਾਮਲੇ ਦੀ ਸੁਣਵਾਈ ਲਈ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ। ਕੇਸ ਸਬੰਧੀ ਨਿਆਂਇਕ ਹਿਰਾਸਤ ਖ਼ਤਮ ਹੋਣ ’ਤੇ ਖ਼ਾਲਿਦ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਊਸ ਨੇ ਸਿੱਧਾ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਖ਼ਾਲਿਦ ਨੇ ਤਿਹਾੜ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਨੂੰ ਜਦੋਂ ਕਿਹਾ ਕਿ ਊਹ ਜੱਜ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਊਸ ਨੇ ਮਾਈਕ੍ਰੋਫੋਨ ਦੀ ਆਵਾਜ਼ ਨਾ ਚਲਾਈ, ਜਿਸ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀ ਦੀ ਖਿਚਾਈ ਕੀਤੀ। ਖ਼ਾਲਿਦ ਨੇ ਕਿਹਾ ਕਿ ਅਧਿਕਾਰੀਆਂ ਨੇ ਊਸ ਨੂੰ ਕਿਹਾ ਹੈ ਕਿ ਮਾਈਕ੍ਰੋਫੋਨ ਦੀ ਆਵਾਜ਼ ਤਾਂ ਹੀ ਚਲਾਈ ਜਾਵੇਗੀ ਜੇਕਰ ਜੱਜ ਆਗਿਆ ਦੇਣਗੇ। ਖ਼ਾਲਿਦ ਨੇ ਦੋਸ਼ ਲਾਇਆ ਕਿ ਊਹ ਜੇਲ੍ਹ ਕੋਠੜੀ ਵਿੱਚ ਇਕੱਲਾ ਸੀ ਅਤੇ ਊਸ ਨੂੰ ਬਾਹਰ ਜਾਣ ਜਾਂ ਕਿਸੇ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ। -ਪੀਟੀਆਈ