ਨਵੀਂ ਦਿੱਲੀ, 12 ਸਤੰਬਰ
ਦਿੱਲੀ ਪੁਲੀਸ ਨੇ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਕਾਰਕੁਨ ਅਪੂਰਵਾਨੰਦ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਰਾਹੁਲ ਰੌਏ ਨੂੰ ਫਰਵਰੀ ਵਿੱਚ ਹੋਏ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਸਹਿ-ਸਾਜ਼ਿਸ਼ਘਾੜਿਆਂ ਵਜੋਂ ਨਾਮਜ਼ਦ ਕੀਤਾ ਹੈ। ਉਨ੍ਹਾਂ ਉੱਤੇ ਸੀਏਏ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ‘ਕਿਸੇ ਵੀ ਹੱਦ ਤੱਕ ਜਾਣ ਲਈ’ ਉਕਸਾਉਣ, ਸੀਏਏ/ਐੱਨਆਰਸੀ ਨੂੰ ਮੁਸਲਿਮ ਵਿਰੋਧੀ ਦੱਸ ਕੇ ਭਾਈਚਾਰੇ ’ਚ ਬੇਚੈਨੀ ਫੈਲਾਉਣ ਅਤੇ ਭਾਰਤ ਸਰਕਾਰ ਦੇ ਅਕਸ ਨੂੰ ਖ਼ਰਾਬ ਕਰਨ ਲਈ ਰੋਸ ਮੁਜ਼ਾਹਰੇ ਵਿਉਂਤਣ ਦੇ ਦੋਸ਼ ਲਾਏ ਗਏ ਹਨ। ਉੱਤਰ-ਪੂਰਬੀ ਦਿੱਲੀ ਵਿੱਚ 23 ਤੋਂ 26 ਫਰਵਰੀ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਾਇਰ ਸਪਲੀਮੈਂਟਰੀ ਚਾਰਜਸ਼ੀਟ, ਜਿਸ ਦੀ ਇਕ ਕਾਪੀ ਇਸ ਖਬਰ ਏਜੰਸੀ ਕੋਲ ਮੌਜੂਦ ਹੈ, ਵਿੱਚ ਉਪਰੋਕਤ ਨਾਮ ਸ਼ਾਮਲ ਹਨ। ਹਿੰਸਾ ਦੌਰਾਨ 53 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ ਜਦੋੀਕਿ 581 ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ 97 ਦੇ ਸਰੀਰ ’ਤੇ ਗੋਲੀਆਂ ਦੇ ਜ਼ਖ਼ਮ ਸਨ।
ਇਨ੍ਹਾਂ ਤਿੰਨੇ ਉੱਘੀਆਂ ਸ਼ਖ਼ਸੀਅਤਾਂ ਨੂੰ ਤਿੰਨ ਵਿਦਿਆਰਥਣਾਂ ਦੇ ਕਬੂਲਨਾਮੇ ਦੇ ਆਧਾਰ ’ਤੇ ਜਾਫ਼ਰਾਬਾਦ ਹਿੰਸਾ ਲਈ ਮੁਲਜ਼ਮ ਬਣਾਇਆ ਗਿਆ ਹੈ। ਚੇਤੇ ਰਹੇ ਕਿ ਹਿੰਸਾ ਜਾਫ਼ਰਾਬਾਦ ਤੋਂ ਸ਼ੁਰੂ ਹੋ ਕੇ ਉੱਤਰ-ਪੂਰਬੀ ਦਿੱਲੀ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ ਸੀ। ਇਹ ਵਿਦਿਅਰਥਣਾਂ ‘ਪਿੰਜਰਾ ਤੋੜ’ ਦੀਆਂ ਮੈਂਬਰ ਵੀ ਹਨ। ਇਨ੍ਹਾਂ ਵਿੱਚ ਜੇਐੱਨਯੂ ਵਿਦਿਆਰਥਣਾਂ ਦੇਵਾਂਗਨਾ ਕਲਿਤਾ ਅਤੇ ਨਤਾਸ਼ਾ ਨਰਵਾਲ ਤੇ ਜਾਮੀਆ ਮਿਲੀਆ ਇਸਲਾਮੀਆ ਦੀ ਵਿਦਿਆਰਥਣ ਗੁਲਫਿਸ਼ਾ ਫਾਤਿਮਾ ਸ਼ਾਮਲ ਹਨ। ਵਿਦਿਆਰਥਣਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।
ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਸਿਰਫ਼ ਦੋ ਦਿਨ ਪਹਿਲਾਂ ਜਨਤਕ ਕੀਤੇ ਗਏ ਦੋਸ਼-ਪੱਤਰ ਵਿੱਚ ਦਿੱਲੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਕਲਿਤਾ ਅਤੇ ਨਰਵਾਲ ਨੇ ਦੰਗਿਆਂ ਵਿੱਚ ਨਾ ਸਿਰਫ਼ ਆਪਣੀ ਸ਼ਮੂਲੀਅਤ ਕਬੂਲੀ, ਸਗੋਂ ਘੋਸ਼, ਅਪੂਰਵਾਨੰਦ ਅਤੇ ਰੌਏ ਦਾ ਨਾਮ ਵੀ ਆਪਣੇ ਮਾਰਗਦਰਸ਼ਕ ਵਜੋਂ ਲਿਆ ਹੈ। ਵਿਦਿਆਰਥਣਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਮਾਰਗਦਰਸ਼ਕਾਂ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਕਥਿਤ ਪ੍ਰਦਰਸ਼ਨ ਕਰਨ ਅਤੇ ‘ਕਿਸੇ ਵੀ ਹੱਦ ਤੱਕ ਜਾਣ’ ਲਈ ਕਿਹਾ। ਦੋਸ਼ ਪੱਤਰ ਮੁਤਾਬਕ ਵਿਦਿਆਰਥਣ-ਕਾਰਕੁਨਾਂ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਤਿੰਨਾਂ ਨੇ ਇਸਲਾਮਿਕ ਜਥੇਬੰਦੀ ਪੌਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਅਤੇ ਜਾਮੀਆ ਕੁਆਰਡੀਨੇਸ਼ਨ ਕਮੇਟੀ ਨਾਲ ਮਿਲ ਕੇ ਪਿੰਜਰਾ ਤੋੜ ਦੇ ਮੈਂਬਰਾਂ ਨੂੰ ਦੱਸਿਆ ਕਿ ਸੀਏਏ ਖ਼ਿਲਾਫ਼ ਮੁਹਿੰਮ ਨੂੰ ਕਿਸੇ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ। ਇਨ੍ਹਾਂ ਘਟਨਾਕ੍ਰਮਾਂ ਦੀ ਪੁਸ਼ਟੀ ਪੁਲੀਸ ਨੇ ਜਾਮੀਆ ਦੀ ਵਿਦਿਆਰਥਣ ਫਾਤਿਮਾ ਦੇ ਬਿਆਨਾਂ ਰਾਹੀਂ ਕੀਤੀ ਹੈ। ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੇਚੁਰੀ ਅਤੇ ਯੋਗੇਂਦਰ ਯਾਦਵ ਤੋਂ ਇਲਾਵਾ ਫਾਤਿਮਾ ਦੇ ਬਿਆਨ ਵਿੱਚ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ, ਯੂਨਾਈਟਿਡ ਅਗੇਂਸਟ ਹੇਟ ਦੇ ਕਾਰਕੁਨ ਉਮਰ ਖਾਲਿਦ ਅਤੇ ਸਾਬਕਾ ਵਿਧਾਇਕ ਮਤੀਨ ਅਹਿਮਦ ਅਤੇ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਵਰਗੇ ਕੁੱਝ ਮੁਸਲਿਮ ਭਾਈਚਾਰੇ ਦੇ ਆਗੂਆਂ ਦੇ ਨਾਮ ਵੀ ਸ਼ਾਮਲ ਹਨ। ਇਸ ਵਿੱਚ ਉਨ੍ਹਾਂ ਨੂੰ ਹਿੰਸਾ ਦੇ ਸਾਜ਼ਿਸ਼ਘਾੜਿਆਂ ਦਾ ਮਦਦਗਾਰ ਦੱਸਿਆ ਗਿਆ ਹੈ।
ਪੁਲੀਸ ਨੇ ਦਾਅਵਾ ਕੀਤਾ ਹੈ ਕਿ ਫਾਤਿਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਨੂੰ ‘ਭਾਰਤ ਸਰਕਾਰ ਦੇ ਅਕਸ ਨੂੰ ਖ਼ਰਾਬ ਕਰਨ ਲਈ’ ਪ੍ਰਦਰਸ਼ਨ ਕਰਨ ਨੂੰ ਕਿਹਾ ਗਿਆ ਸੀ। ਦੋਸ਼ ਪੱਤਰ ਮੁਤਾਬਕ, ਉਸ ਨੇ ਕਿਹਾ ‘ਵੱਡੇ ਆਗੂਆਂ ਅਤੇ ਵਕੀਲਾਂ ਜਿਨ੍ਹਾਂ ਵਿੱਚ ਉਮਰ ਖਾਲਿਦ, ਚੰਦਰਸ਼ੇਖਰ ਰਾਵਨ, ਯੋਗੇਂਦਰ ਯਾਦਵ, ਸੀਤਾਰਾਮ ਯੇਚੁਰੀ ਅਤੇ ਵਕੀਲ ਮਹਿਮੂਦ ਪ੍ਰਾਚਾ ਆਦਿ ਸ਼ਾਮਲ ਹਨ, ਨੇ ਹਜੂਮ ਨੂੰ ਭੜਕਾਇਆ ਅਤੇ ਜਥੇਬੰਦ ਕੀਤਾ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਲਿਤਾ ਨੇ ਇਹ ਵੀ ਕਿਹਾ ਕਿ ਉਮਰ ਖਾਲਿਦ ਨੇ ਸੀਏਏ/ਐੱਨਆਰਸੀ ਖ਼ਿਲਾਫ਼ ਪ੍ਰਦਰਸ਼ਨਾਂ ਲਈ ਉਨ੍ਹਾਂ ਨੂੰ ਕੁਝ ਨੁਕਤੇ ਵੀ ਦੱਸੇ। -ਪੀਟੀਆਈ
ਦੰਗੇ ਭੜਕਾਊਣ ਦਾ ਦੋਸ਼ ਮਜ਼ਾਕ ਤੋਂ ਛੁੱਟ ਕੁਝ ਨਹੀਂ: ਭੂਸ਼ਣ
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਇਕ ਟਵੀਟ ਵਿੱਚ ਕਿਹਾ ਕਿ ਚਾਰਜਸ਼ੀਟ ਦਿੱਲੀ ਦੰਗਿਆਂ ਵਿੱਚ ਦਿੱਲੀ ਪੁਲੀਸ ਦੀ ਮੰਦਭਾਵਨਾ ਵਾਲੇ ਸੁਭਾਅ ਨੂੰ ਸਾਬਤ ਕਰਦੀ ਹੈ। ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਜਯਤੀ ਘੋਸ਼ ਅਤੇ ਪ੍ਰੋਫੈਸਰ ਅਪੂਰਵਾਨੰਦ ’ਤੇ ਦੰਗੇ ਭੜਕਾਉਣ ਦੇ ਦੋਸ਼ ਲਾਉਣਾ ਮਜ਼ਾਕ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਦੇ ਭਾਸ਼ਨ ਦੀਆਂ ਵੀਡੀਓ ਮੌਜੂਦ ਹਨ, ਜਦੋਂਕਿ ਕਪਿਲ ਮਿਸ਼ਰਾ ਅਤੇ ਉਸ ਦੇ ਸਹਿਯੋਗੀਆਂ ਨੂੰ ਛੱਡ ਦਿੱਤਾ ਗਿਆ ਹੈ।
ਮੋਦੀ ਤੇ ਭਾਜਪਾ ਦਾ ਅਸਲ ਚਿਹਰਾ ਸਾਹਮਣੇ ਆਇਆ: ਯੇਚੁਰੀ
ਸੀਤਾਰਾਮ ਯੇਚੁਰੀ ਨੇ ਟਵਿੱਟਰ ’ਤੇ ਕਿਹਾ, ‘56 ਲੋਕ ਦਿੱਲੀ ਹਿੰਸਾ ਵਿੱਚ ਮਾਰੇ ਗਏ। ਨਫ਼ਰਤੀ ਤਕਰੀਰਾਂ ਵਾਲਾ ਵੀਡੀਓ ਵੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ? ਕਿਉਂਕਿ ਸਰਕਾਰ ਦੇ ਹੁਕਮ ਹਨ ਕਿ ਵਿਰੋਧੀ ਧਿਰ ਨੂੰ ਲਪੇਟਿਆ ਜਾਵੇ। ਇਹੀ ਹੈ ਮੋਦੀ ਅਤੇ ਭਾਜਪਾ ਦਾ ਅਸਲ ਚਿਹਰਾ, ਚਰਿੱਤਰ, ਚਾਲ ਅਤੇ ਚਿੰਤਨ। ਇਸ ਦਾ ਵਿਰੋਧ ਤਾਂ ਹੋਵੇਗਾ।’ ਦਿੱਲੀ ਪੁਲੀਸ, ਭਾਜਪਾ ਦੀ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੀ ਹੈ।
ਖ਼ਬਰ ਏਜੰਸੀ ਦੇ ਤੱਥ ਪੂਰੀ ਤਰ੍ਹਾਂ ਗ਼ਲਤ: ਯਾਦਵ
ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਤੱਥ ਗ਼ਲਤ ਹੈ ਅਤੇ ਉਮੀਦ ਹੈ ਪੀਟੀਆਈ ਇਸ ਨੂੰ ਵਾਪਸ ਲੈ ਲਵੇਗਾ। ਉਨ੍ਹਾਂ ਕਿਹਾ, ‘ਪਹਿਲਾਂ ਵਾਲੀ ਚਾਰਜਸ਼ੀਟ ਵਿੱਚ ਮੈਨੂੰ ਸਹਿ-ਸਾਜ਼ਿਸ਼ਘਾੜਾ ਜਾਂ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ। ਪੁਲੀਸ ਦੇ ਅਪੁਸ਼ਟ ਬਿਆਨ ਵਿੱਚ ਇੱਕ ਮੁਲਜ਼ਮ ਦੇ ਬਿਆਨ ਦੇ ਆਧਾਰ ’ਤੇ ਮੇਰੇ ਅਤੇ ਯੇਚੁਰੀ ਬਾਰੇ ਜ਼ਿਕਰ ਕੀਤਾ ਗਿਆ ਹੈ, ਜੋ ਅਦਾਲਤ ਵਿੱਚ ਕਬੂਲ ਨਹੀਂ ਹੋਵੇਗਾ।’
ਪੁਲੀਸ ਦੀਆਂ ਮਨਘੜਤ ਕਹਾਣੀਆਂ ਨਿਰਾਸ਼ਾਜਨਕ: ਅਪੂਰਵਾਨੰਦ
ਪ੍ਰੋਫੈਸਰ ਅਪੂਰਵਾਨੰਦ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਕੁੱਝ ਨੌਜਵਾਨਾਂ ਦੇ ਨਾਂ ’ਤੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦੀ ਕਾਰਵਾਈ ਨੂੰ ਫ਼ੌਜਦਾਰੀ ਮਾਮਲਾ ਬਣਾਉਣ ਲਈ ਘੜੀਆਂ ਮਨਘੜਤ ਕਹਾਣੀਆਂ ਨੂੰ ਵੇਖ ਕੇ ਨਿਰਾਸ਼ਾ ਹੋਈ ਹੈ। ਦਿੱਲੀ ਵਿੱਚ ਹਿੰਸਾ ਹੋਈ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ, ਪਰ ਪੁਲੀਸ ਇਸ ਦੀ ਥਾਂ ਸੀਏਏ ਵਿਰੋਧੀ ਪ੍ਰਦਰਸ਼ਨਾਂ ਨੂੰ ਮਧੋਲਣ ਦੇ ਰਾਹ ਪਈ ਹੋਈ ਹੈ।