ਨਵੀਂ ਦਿੱਲੀ, 12 ਸਤੰਬਰ
ਦਿੱਲੀ ਪੁਲੀਸ ਨੇ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਕਾਰਕੁਨ ਅਪੂਰਵਾਨੰਦ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਰਾਹੁਲ ਰੌਏ ਨੂੰ ਫਰਵਰੀ ਵਿੱਚ ਹੋਏ ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਸਹਿ-ਸਾਜ਼ਿਸ਼ਘਾੜਿਆਂ ਵਜੋਂ ਨਾਮਜ਼ਦ ਕੀਤਾ ਹੈ। ਉਨ੍ਹਾਂ ਉੱਤੇ ਸੀਏਏ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ‘ਕਿਸੇ ਵੀ ਹੱਦ ਤੱਕ ਜਾਣ ਲਈ’ ਉਕਸਾਉਣ, ਸੀਏਏ/ਐੱਨਆਰਸੀ ਨੂੰ ਮੁਸਲਿਮ ਵਿਰੋਧੀ ਦੱਸ ਕੇ ਭਾਈਚਾਰੇ ’ਚ ਬੇਚੈਨੀ ਫੈਲਾਉਣ ਅਤੇ ਭਾਰਤ ਸਰਕਾਰ ਦੇ ਅਕਸ ਨੂੰ ਖ਼ਰਾਬ ਕਰਨ ਲਈ ਰੋਸ ਮੁਜ਼ਾਹਰੇ ਵਿਉਂਤਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਤਿੰਨੇ ਉੱਘੀਆਂ ਸ਼ਖ਼ਸੀਅਤਾਂ ਨੂੰ ਤਿੰਨ ਵਿਦਿਆਰਥਣਾਂ ਦੇ ਕਬੂਲਨਾਮੇ ਦੇ ਆਧਾਰ ’ਤੇ ਜਾਫ਼ਰਾਬਾਦ ਹਿੰਸਾ ਲਈ ਮੁਲਜ਼ਮ ਬਣਾਇਆ ਗਿਆ ਹੈ।