ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਦਿੱਲੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਅਨੁਸਾਰ ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਕੇਸਾਂ ਵਿਚ ਥੋੜੀ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ’ਚ ਲਾਗ ਦੇ ਸਿਰਫ਼ 13,336 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਘਟਣ ਦਾ ਕਾਰਨ ਇਸ ਸਮੇਂ ਦੌਰਾਨ ਟੈਸਟ ਘੱਟ ਹੋਣਾ ਮੰਨਿਆ ਜਾ ਸਕਦਾ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ’ਚ 49,787 ਆਰਟੀ-ਪੀਸੀਆਰ, ਸੀਬੀਐੱਨਏਟੀ ਟੈਸਟ ਅਤੇ 11,765 ਰੈਪਿਡ ਐਂਟੀਜੇਨ ਟੈਸਟਾਂ ਸਮੇਤ ਕੁੱਲ 61,552 ਟੈਸਟ ਕੀਤੇ ਗਏ ਸਨ।
ਸਰਕਾਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿਚ ਕੋਵਿਡ-19 ਦੀ ਪਾਜ਼ੇਟਿਵਿਟੀ ਦਰ ਵੀ 21.67 ਫੀਸਦ ’ਤੇ ਆ ਗਈ ਹੈ। ਕੋਵਿਡ -19 ਦੇ ਨਵੇਂ ਕੇਸਾਂ ਦੀ ਗਿਣਤੀ ਘਟਣ ਤੋਂ ਬਾਅਦ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 300 ਤੋਂ ਹੇਠਾਂ ਆ ਗਈ। ਪਿਛਲੇ 24 ਘੰਟਿਆਂ ਵਿੱਚ ਤਕਰੀਬਨ 273 ਵਿਅਕਤੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ। ਕੌਮੀ ਰਾਜਧਾਨੀ ਵਿੱਚ ਮੌਤਾਂ ਦੀ ਦਰ 1.46 ਫ਼ੀਸਦ ਹੈ। ਸ਼ਹਿਰ ਵਿੱਚ ਇਸ ਵੇਲੇ 86,232 ਸਰਗਰਮ ਕੇਸ ਹਨ।