ਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ 24 ਘੰਟਿਆਂ ਵਿੱਚ 6500 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ ਤੇ ਪਾਜ਼ੇਟਿਵ ਦਰ 11 ਫੀਸਦ ਰਹਿ ਗਈ ਹੈ। ਮੁੱਖ ਮੰਤਰੀ ਨੇ ਘਰ ਇਕਾਂਤਵਾਸ ਰਹਿ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਆਕਸੀਜਨ ਬੈਂਕਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਈ ਹੈ, ਫਿਰ ਵੀ ਦਿੱਲੀ ਸਰਕਾਰ ਦਿੱਲੀ ਸਰਕਾਰ ਚੌਕਸੀ ਵਿੱਚ ਕੋਈ ਕਮੀ ਨਹੀਂ ਰਹਿਣ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਾਮਲਿਆਂ ਦੀ ਗਿਣਤੀ 8,500 ਤੋਂ ਵੱਧ ਸੀ ਤੇ ਪਾਜ਼ੇਟਿਵ ਦਰ 12 ਫੀਸਦ ਸੀ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਮਰੀਜ਼ਾਂ ਲਈ ਆਕਸੀਜਨ ਬੈਂਕਾਂ ਦੀ ਸ਼ੁਰੂਆਤ ਕੀਤੀ ਹੈ ਜੋ ਘਰਾਂ ਵਿੱਚ ਇਕਾਂਤਵਾਸ ਹਨ ਤੇ ਉਨ੍ਹਾਂ ਨੂੰ ਆਕਸੀਜਨ ਸਹਾਇਤਾ ਦੀ ਲੋੜ ਹੈ। ਦਿੱਲੀ ਦੇ 11 ਜ਼ਿਲ੍ਹਿਆਂ ਵਿੱਚ ਹਰੇਕ ਨੂੰ 200 ਆਕਸੀਜਨ ਕੰਸਨਟਰੇਟਰ ਦਿੱਤੇ ਜਾਣਗੇ ਤੇ ਇਹ ਮਰੀਜ਼ਾਂ ਨੂੰ ਡਾਕਟਰਾਂ ਦੀ ਸਿਫ਼ਾਰਸ਼ ’ਤੇ ਘਰ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਮੁਹੱਈਆ ਕਰਵਾਏ ਜਾਣਗੇ।