ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 2 ਫਰਵਰੀ
ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਕੱਢੇ ਟਰੈਕਟਰ ਮਾਰਚ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲੇ ਤੇ ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਕੀਤੀ ਹਿੰਸਾ ਮਾਮਲੇ ਦਿੱਲੀ ਪੁਲੀਸ ਨੇ 122 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 6 ਬਜ਼ੁਰਗ ਵੀ ਸ਼ਾਮਲ ਹਨ। ਦੋ ਜਣਿਆਂ ਦੇ ਨਾਬਾਲਗ ਹੋਣ ਕਰਕੇ ਉਨ੍ਹਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ। ਦਿੱਲੀ ਪੁਲੀਸ ਨੇ ਇਨ੍ਹਾਂ 120 ਵਿਅਕਤੀਆਂ ਦੀ ਇਕ ਸੂਚੀ ਜਾਰੀ ਕਰਦਿਆਂ ਆਮ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਲਾਪਤਾ ਕਿਸਾਨਾਂ ਤੇ ‘ਗੈਰਕਾਨੂੰਨੀ ਹਿਰਾਸਤਾਂ’ ਬਾਰੇ ਅਫ਼ਵਾਹਾਂ ਨਾ ਫੈਲਾਉਣ। ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਬਜ਼ੁਰਗਾਂ ’ਚ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਛੰਨਾ ਸ਼ਾਹਪੁਰ ਦਾ ਗੁਰਮੁਖ ਸਿੰਘ(80), ਸੰਗਰੂਰ ਦੇ ਖਨੌਰੀ ਕਲਾਂ ਪਿੰਡ ਦਾ ਜੀਤ ਸਿੰਘ(70), ਮਾਨਸਾ ਦੇ ਪਿੰਡ ਬੋਹਾ ਦਾ ਜੋਗਿੰਦਰ ਸਿੰਘ(63), ਦਿੱਲੀ ਦੇ ਪਿੰਡ ਢਾਂਸਾ ਦਾ ਧਰਮਪਾਲ (63), ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਵਿੱਚ ਅਸ਼ੋਧਾ ਪਿੰਡ ਦਾ ਦਯਾ ਕਿਸ਼ਨ(62) ਤੇ ਰੋਹਤਕ ਜ਼ਿਲ੍ਹੇ ਦੇ ਰਿਠਲ ਪਿੰਡ ਦਾ ਜਗਬੀਰ ਸਿੰਘ(60) ਸ਼ਾਮਲ ਹਨ।
ਇਸ ਸੂਚੀ ਵਿੱਚ ਸ਼ਾਮਲ ਜਿਨ੍ਹਾਂ ਹੋਰਨਾਂ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਖਿਲਾਫ਼ ਮੁਖਰਜੀ ਨਗਰ, ਨੰਗਲੋਈ, ਉੱਤਮ ਨਗਰ, ਨਜਫ਼ਗੜ੍ਹ, ਸੀਮਾਪੁਰੀ, ਬਾਬਾ ਹਰੀਦਾਸ ਨਗਰ, ਪਸ਼ਚਿਮ ਵਿਹਾਰ ਵੈਸਟ, ਅਲੀ ਪੁਰ ਆਊਟਰ ਨੌਰਥ ਅਤੇ ਮੁੰਡਕਾ ਆਊਟਰ ਜ਼ਿਲ੍ਹਾ ਪੁਲੀਸ ਸਟੇਸ਼ਨਾਂ ਵਿੱਚ ਕੇਸ ਦਰਜ ਕੀਤੇ ਗਏ ਹਨ। ਦਿੱਲੀ ਪੁਲੀਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ‘ਗੈਰਕਾਨੂੰਨੀ ਹਿਰਾਸਤਾਂ’ ਬਾਰੇ ਅਫ਼ਵਾਹਾਂ ਨਾ ਫੈਲਾਉਣ। ਦਿੱਲੀ ਪੁਲੀਸ ਨੇ ਇਕ ਟਵੀਟ ’ਚ ਕਿਹਾ ਕਿ ‘ਪੁਲੀਸ ਨੇ ਕਿਸੇ ਨੂੰ ਵੀ ਗੈਰਕਾਨੂੰਨੀ ਤੌਰ ’ਤੇ ਹਿਰਾਸਤ ਵਿੱਚ ਨਹੀਂ ਲਿਆ।’ ਦਿੱਲੀ ਪੁਲੀਸ ਦੇ ਪੀਆਰਓ ਈਸ਼ ਸਿੰਘਲ ਨੇ ਕਿਹਾ ਕਿ ਕੁੱਲ ਮਿਲਾ ਕੇ 44 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ 122 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਦੇ ਨਾਬਾਲਗ ਹੋਣ ਕਰਕੇ ਉਨ੍ਹਾਂ ਦੇ ਨਾਮ ਨਸ਼ਰ ਨਹੀਂ ਕੀਤੇ ਗਏ ਹਨ। ਐੱਫਆਈਆਰ ਵਿੱਚ ਦੰਗਾ, ਗੈਰਕਾਨੂੰਨੀ ਤੌਰ ’ਤੇ ਇਕੱਤਰ ਹੋਣ, ਸਰਕਾਰੀ ਮੁਲਾਜ਼ਮ ’ਤੇ ਹਮਲਾ ਤੇ ਡਿਊਟੀ ’ਚ ਵਿਘਨ, ਇਰਾਦਾ ਕਤਲ, ਡਕੈਤੀ ਤੇ ਲੁੱਟਮਾਰ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਦਿੱਲੀ ਪੁਲੀਸ ਨੇ ਹਿੰਸਾ ਦੌਰਾਨ 394 ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਤੇ 30 ਪੁਲੀਸ ਵਾਹਨਾਂ ਦੇ ਨੁਕਸਾਨੇ ਜਾਣ ਦਾ ਦਾਅਵਾ ਕੀਤਾ ਹੈ। ਦਿੱਲੀ ਹਿੰਸਾ ਮਾਮਲੇ ਵਿੱਚ ਪੁਲੀਸ ਹੁਣ ਤੱਕ ਕਿਸਾਨ ਯੂਨੀਅਨਾਂ ਦੇ ਆਗੂਆਂ ਸਮੇਤ 50 ਤੋਂ ਵੱਧ ਵਿਅਕਤੀਆਂ ਨੂੰ ਨੋਟਿਸ ਕੱਢ ਚੁੱਕੀ ਹੈ। ਕੁਝ ਕਿਸਾਨ ਆਗੂਆਂ ਖਿਲਾਫ਼ ਤਾਂ ਲੁਕਆਊਟ ਨੋਟਿਸ ਵੀ ਜਾਰੀ ਕੀਤੇ ਗਏ ਹਨ।