ਬਦਾਯੂੰ, 22 ਜੂਨ
ਬਦਾਯੂੰ ਦੇ ਭਾਜਪਾ ਸੰਸਦ ਮੈਂਬਰ ਸੰਘਾਮਿੱਤਰਾ ਮੌਰਿਆ ਨੇ ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਤੇ ਅਦਾਕਾਰਾ ਨੁਸਰਤ ਜਹਾਂ ’ਤੇ ਆਪਣੇ ਵਿਆਹ ਸਬੰਧੀ ਜਾਣਕਾਰੀ ਲੁਕਾ ਕੇ ਸੰਸਦ ਵਿੱਚ ਝੂਠਾ ਹਲਫ਼ਨਾਮਾ ਦੇਣ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਅਯੋਗ ਕਰਾਰ ਦਿੰਦਿਆਂ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਸੰਘਾਮਿੱਤਰਾ ਨੇ ਕਿਹਾ, ‘ਮੈਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ 19 ਜੂਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਨੁਸਰਤ ਨੇ ਸੰਸਦ ਵਿੱਚ ਦਿੱਤੇ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਉਹ ਵਿਆਹੀ ਹੋਈ ਹੈ ਜਦਕਿ ਹਾਲ ਹੀ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਨਿਖਿਲ ਜੈਨ ਨਾਲ ਉਸ ਦਾ ਕਾਨੂੰਨੀ ਤੌਰ ’ਤੇ ਵਿਆਹ ਨਹੀਂ ਹੋਇਆ।’ ਮੌਰਿਆ ਨੇ ਮੰਗ ਕੀਤੀ ਕਿ ਮਾਮਲੇ ਨੂੰ ਸੰਸਦ ਦੀ ਨੈਤਿਕ ਕਮੇਟੀ ਨੂੰ ਭੇਜ ਕੇ ਜਾਂਚ ਕਰਵਾਈ ਜਾਵੇ ਤੇ ਨੁਸਰਤ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ। -ਪੀਟੀਆਈ