ਨਵੀਂ ਦਿੱਲੀ, 14 ਮਾਰਚ
ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਨੇ ਅਪਰਾਧਿਕ ਮਾਮਲਿਆਂ ਵਿੱਚ ਫ਼ਰਜ਼ੀ ਸ਼ਿਕਾਇਤਕਰਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਅਤੇ ਅਜਿਹੇ ਗਲਤ ਮੁਕੱਦਮਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਕੇਂਦਰ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
ਭਾਜਪਾ ਆਗੂ ਕਪਿਲ ਮਿਸ਼ਰਾ ਨੇ 28 ਜਨਵਰੀ ਦੇ ਇਕ ਸਨਸਨੀਖੇਜ਼ ਮਾਮਲੇ ਦੇ ਸਬੰਧ ਵਿੱਚ ਇਕ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਅਲਾਹਬਾਦ ਹਾਈ ਕੋਰਟ ਵੱਲੋਂ 28 ਜਨਵਰੀ ਨੂੰ ਜਬਰ-ਜਨਾਹ ਦੇ ਦੋਸ਼ੀ ਵਿਸ਼ਣੂ ਤਿਵਾੜੀ ਨੂੰ ਬੇਕਸੂਰ ਐਲਾਨ ਦਿੱਤਾ ਗਿਆ ਸੀ। ਅਦਾਲਤ ਦਾ ਮੰਨਣਾ ਸੀ ਕਿ ਉਸ ਖ਼ਿਲਾਫ਼ ਦਰਜ ਕੀਤੇ ਗਏ ਕੇਸ ਦਾ ਕਾਰਨ ਜ਼ਮੀਨੀ ਵਿਵਾਦ ਸੀ। ਉਸ ਨੂੰ 16 ਸਤੰਬਰ, 2000 ਨੂੰ ਜਬਰ-ਜਨਾਹ ਅਤੇ ਅਨੁਸੂਚਿਤ ਜਾਤੀਆਂ/ਜਨਜਾਤੀਆਂ ’ਤੇ ਅੱਤਿਆਚਾਰ ਰੋਕੂ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਸਬੰਧ ਵਿੱਚ ਉਸ ਨੂੰ 20 ਸਾਲ ਦੀ ਕੈਦ ਵੀ ਹੋ ਗਈ ਸੀ। ਇਹ ਜਨ ਹਿੱਤ ਪਟੀਸ਼ਨ ਵਕੀਲ ਅਸ਼ਵਨੀ ਕੁਮਾਰ ਰਾਹੀਂ ਦਾਇਰ ਕੀਤੀ ਗਈ।
ਇਸ ਪਟੀਸ਼ਨ ਰਾਹੀਂ ਫ਼ਰਜ਼ੀ ਕੇਸ ਵਿੱਚ ਗਲਤ ਦੋਸ਼ੀ ਐਲਾਨੇ ਗਏ ਅਤੇ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਲਈ ਤਿਵਾੜੀ ਵਾਸਤੇ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਭਾਜਪਾ ਆਗੂ ਨੇ ਕੇਂਦਰੀ ਗ੍ਰਹਿ ਅਤੇ ਕਾਨੂੰਨ ਤੇ ਨਿਆਂ ਮੰਤਰਾਲਿਆਂ ਅਤੇ ਉੱਤਰ ਪ੍ਰਦੇਸ਼ ਸਰਕਾਰ ਤੇ ਕਾਨੂੰਨ ਕਮਿਸ਼ਨ ਨੂੰ ਪਾਰਟੀ ਬਣਾਇਆ ਹੈ। ਪਟੀਸ਼ਨ ਰਾਹੀਂ ਸੁਣਵਾਈ ਅੰਡਰਟਰਾਇਲ ਕੈਦੀਆਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਛੇਤੀ ਕਰਨ ਅਤੇ ਉਨ੍ਹਾਂ ਦੇ ਮਾਮਲਿਆਂ ਦਾ ਫ਼ੈਸਲਾ ਸਮਾਂਬੱਧ ਢੰਗ ਨਾਲ ਕਰਨ ਦੀ ਪ੍ਰਕਿਰਿਆ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ। -ਪੀਟੀਆਈ