ਨਵੀਂ ਦਿੱਲੀ, 1 ਦਸੰਬਰ
‘ਕੇਰਲਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟ’ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਪੱਤਰਕਾਰ ਸਿੱਦੀਕ ਕੱਪਨ ਦੀ ‘ਨਾਜਾਇਜ਼ ਗ੍ਰਿਫ਼ਤਾਰੀ ਤੇ ਹਿਰਾਸਤ’ ਦੀ ਜਾਂਚ ਸਿਖ਼ਰਲੀ ਅਦਾਲਤ ਦੇ ਸੇਵਾਮੁਕਤ ਜੱਜ ਕੋਲੋਂ ਕਰਵਾਉਣੀ ਚਾਹੀਦੀ ਹੈ। ਯੂਨੀਅਨ ਨੇ ਕਿਹਾ ਕਿ ਜਾਂਚ ਆਜ਼ਾਦਾਨਾ ਢੰਗ ਨਾਲ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕੱਪਨ ਨੂੰ ਯੂਪੀ ਦੇ ਹਾਥਰਸ ਜਾਂਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਉੱਥੇ ਦਲਿਤ ਲੜਕੀ ਦੀ ਸਮੂਹਿਕ ਜਬਰ-ਜਨਾਹ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਦੀ ਕਵਰੇਜ ਲਈ ਜਾ ਰਿਹਾ ਸੀ। ਪੱਤਰਕਾਰਾਂ ਦੀ ਜਥੇਬੰਦੀ ਨੇ ਕਿਹਾ ਹੈ ਕਿ ਯੂਪੀ ਪੁਲੀਸ ਨੇ ‘ਬਿਲਕੁਲ ਗਲਤ ਤੇ ਝੂਠਾ ਬਿਆਨ ਦਿੱਤਾ ਹੈ’ ਕਿ ਕੱਪਨ ‘ਪਾਪੂਲਰ ਫਰੰਟ ਆਫ਼ ਇੰਡੀਆ’ ਦਾ ਦਫ਼ਤਰੀ ਸਕੱਤਰ ਹੈ। ਉਹ ਸਿਰਫ਼ ਪੱਤਰਕਾਰ ਵਜੋਂ ਹੀ ਸੇਵਾਵਾਂ ਨਿਭਾ ਰਿਹਾ ਹੈ।
-ਪੀਟੀਆਈ