ਫ਼ਾਰੂਖਾਬਾਦ: ਭਾਜਪਾ ਸੰਸਦ ਮੈਂਬਰ ਮੁਕੇਸ਼ ਰਾਜਪੂਤ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਫ਼ਾਰੂਖਾਬਾਦ ਜ਼ਿਲ੍ਹੇ ਦਾ ਨਾਮ ਬਦਲ ਕੇ ਪਾਂਚਾਲ ਨਗਰ ਜਾਂ ਅਪਰਕਾਸ਼ੀ ਰੱਖਣ ਦੀ ਮੰਗ ਕੀਤੀ ਹੈ। ਜ਼ਿਲ੍ਹੇ ਦੇ ਇਤਿਹਾਸ ਬਾਰੇ ਦੱਸਦਿਆਂ ਰਾਜਪੂਤ ਨੇ ਕਿਹਾ ਕਿ ਮਹਾਭਾਰਤ ਦੇ ਸਮਿਆਂ ਵਿੱਚ ਇਸ ਇਲਾਕੇ ਨੂੰ ‘ਪਾਂਚਾਲ’ ਕਹਿੰਦੇ ਸਨ, ਜਿੱਥੇ ਪਾਂਡਵਾਂ ਦੀ ਰਾਣੀ ਦਰੌਪਦੀ ਦੇ ਪਿਤਾ ਦਰੁਪਦ ਦਾ ਰਾਜ ਸੀ। ਰਾਜਪੂਤ ਨੇ ਲਿਖਿਆ ਕਿ ਰਾਜਾ ਦਰੁਪਦ ਦੀ ਰਾਜਧਾਨੀ ਕਾਂਪਿਲ ਸੀ, ਜੋ ਉਸ ਜ਼ਿਲ੍ਹੇ ਵਿੱਚ ਸੀ, ਜਿੱਥੇ ਦਰੌਪਦੀ ਦਾ ‘ਸਵਯੰਬਰ’ ਹੋਇਆ ਸੀ। ਸੰਸਦ ਮੈਂਬਰ ਨੇ ਅੱਗੇ ਲਿਖਿਆ ਕਿ ਗੰਗਾ ਤੇ ਰਾਮਗੰਗਾ ਤੇ ਕਾਲੀ ਨਦੀ ਦੇ ਨੇੜੇ ਹੋਣ ਕਰਕੇ ਪੁਰਾਣ ਯੁੱਗ ਤੋਂ ਫਾਰੂਖਾਬਾਦ ਦਾ ਇਤਿਹਾਸ ਬਹੁਤ ਅਮੀਰ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਦਸੰਬਰ 2021 ਵਿੱਚ ਝਾਂਸੀ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਵੀਰਾਂਗਣਾ ਲਕਸ਼ਮੀਬਾਈ ਰੇਲਵੇ ਸਟੇਸ਼ਨ ਰੱਖ ਦਿੱਤਾ ਸੀ। ਇਸੇ ਤਰ੍ਹਾਂ ਮੁਗਲਸਰਾਏ ਰੇਲਵੇ ਸਟੇਸ਼ਨ ਤੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਕ੍ਰਮਵਾਰ ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਤੇ ਅਯੁੱਧਿਆ ਕੈਂਟ ਰੱਖਿਆ ਗਿਆ ਸੀ। ਯੋਗੀ ਸਰਕਾਰ ਕਈ ਜ਼ਿਲ੍ਹਿਆਂ ਦੇ ਨਾਮ ਵੀ ਬਦਲ ਚੁੱਕੀ ਹੈ। ਫੈਜ਼ਾਬਾਦ ਤੇ ਅਲਾਹਾਬਾਦ ਜ਼ਿਲ੍ਹਿਆਂ ਦਾ ਨਾਮ ਬਦਲ ਕੇ ਕ੍ਰਮਵਾਰ ਅਯੁੱਧਿਆ ਤੇ ਪ੍ਰਯਾਗਰਾਜ ਰੱਖਿਆ ਜਾ ਚੁੱਕਾ ਹੈ। -ਪੀਟੀਆਈ