ਰਾਂਚੀ, 16 ਜੁਲਾਈ
ਆਗਾਮੀ ਰਾਸ਼ਟਰਪਤੀ ਚੋਣਾਂ ਵਿਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਅੱਜ ਕਿਹਾ ਕਿ ਦੇਸ਼ ਵਿਚ ਲੋਕਤੰਤਰ ‘ਬਰਬਾਦ’ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਨੂੰ ਪਛਾਣ ਦਾ ਸਵਾਲ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਵਿਚਾਰਧਾਰਾਵਾਂ ਦੀ ਜੰਗ ਹੈ। ਵਾਜਪਾਈ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਤੇ ਹਜ਼ਾਰੀਬਾਗ਼ ਤੋਂ ਸੰਸਦ ਮੈਂਬਰ ਸਿਨਹਾ ਨੇ ਅੱਜ ਝਾਰਖੰਡ ਵਿਚ ਰਾਜ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਮੁਲਾਕਾਤ ਕੀਤੀ। ਸੋਰੇਨ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਕਾਰਜਕਾਰੀ ਪ੍ਰਧਾਨ ਵੀ ਹਨ। ਉਨ੍ਹਾਂ ਰਾਸ਼ਟਰਪਤੀ ਚੋਣ ਲਈ ਪਾਰਟੀ ਦਾ ਸਮਰਥਨ ਮੰਗਿਆ ਤੇ ਕਾਂਗਰਸ ਵਿਧਾਇਕਾਂ ਨਾਲ ਵੀ ਬੈਠਕ ਕੀਤੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ 18 ਜੁਲਾਈ ਨੂੰ ਚੁਣਿਆ ਜਾਵੇਗਾ। ਸਿਨਹਾ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਮੈਂ ਜਦੋਂ ਪਿਛਲੇ ਮਹੀਨੇ ਚੋਣ ਮੁਹਿੰਮ ਆਰੰਭੀ ਸੀ ਤਾਂ ਕਿਹਾ ਸੀ ਕਿ ਦੇਸ਼ ਵਿਚ ਲੋਕਤੰਤਰ ਖ਼ਤਰੇ ’ਚ ਹੈ, ਪਰ ਹੁਣ ਜਦ ਮੈਂ ਆਪਣੀ ਮੁਹਿੰਮ ਖ਼ਤਮ ਕਰਨ ਦੇ ਨੇੜੇ ਹਾਂ ਤਾਂ ਕਹਿ ਸਕਦਾ ਹਾਂ ਕਿ ਮੁਲਕ ਵਿਚ ਲੋਕਤੰਤਰ ਨਹੀਂ ਬਚਿਆ।’ ਉਨ੍ਹਾਂ ਕਿਹਾ, ‘ਮੈਂ ਵੋਟਰਾਂ (ਇਲੈਕਟੋਰਲ ਕਾਲਜ) ਨੂੰ ਅਪੀਲ ਕਰਦਾਂ ਹਾਂ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਦੇ ਹੱਕ ਦੀ ਵਰਤੋਂ ਕਰਨ।’ ਦੱਸਣਯੋਗ ਹੈ ਕਿ ਸਿਨਹਾ ਝਾਰਖੰਡ ਦੇ ਜੰਮਪਲ ਹਨ ਤੇ ਸ਼ੁੱਕਰਵਾਰ ਰਾਂਚੀ ਪਹੁੰਚੇ ਸਨ।
ਕਬਾਇਲੀ ਰਾਜ ਝਾਰਖੰਡ ਵਿਚ ਆਰਜੇਡੀ ਤੇ ਕਾਂਗਰਸ ਨਾਲ ਗੱਠਜੋੜ ਸਰਕਾਰ ਚਲਾ ਰਹੇ ਜੇਐਮਐਮ ਨੇ ਪਹਿਲਾਂ ਸਿਨਹਾ ਦਾ ਸਮਰਥਨ ਕੀਤਾ ਸੀ ਪਰ ਮਗਰੋਂ ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਮੁਰਮੂ ਪਹਿਲਾਂ ਝਾਰਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਇਸੇ ਦੌਰਾਨ ਸਿਨਹਾ ਨੇ ਅੱਜ ਆਪਣਾ ਮੁੰਬਈ ਦੌਰਾ ਰੱਦ ਕਰ ਦਿੱਤਾ ਕਿਉਂਕਿ ਸ਼ਿਵ ਸੈਨਾ ਨੇ ਐੱਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਉੱਥੇ ਮਹਾ ਵਿਕਾਸ ਅਗਾੜੀ ਗੱਠਜੋੜ ਦੇ ਵਿਧਾਇਕਾਂ ਨੂੰ ਸੰਬੋਧਨ ਕਰਨਾ ਸੀ। -ਪੀਟੀਆਈ