ਵਾਰਾਣਸੀ, 24 ਅਗਸਤ
ਵਾਰਾਣਸੀ ਵਿਕਾਸ ਅਥਾਰਿਟੀ (ਵੀਡੀਏ) ਨੇ ਦੱਸਿਆ ਕਿ ਸ਼ਹਿਨਾਈ ਵਾਦਕ ਊਸਤਾਦ ਬਿਸਮਿੱਲ੍ਹਾ ਖਾਨ ਦਾ ਘਰ ਢਾਹੁਣ ਦੀ ਕਾਰਵਾਈ ਰੋਕ ਦਿੱਤੀ ਗਈ ਹੈ। ਇਹ ਘਰ ਢਾਹ ਕੇ ਇੱਥੇ ਵਪਾਰਕ ਕੰਪਲੈਕਸ ਬਣਾਇਆ ਜਾਣਾ ਸੀ। ਵੀਡੀਏ ਦੀ ਟੀਮ ਵਿੱਚ ਸ਼ਾਮਲ ਜ਼ੋਨਲ ਅਫਸਰ ਅਤੇ ਜੂਨੀਅਰ ਇੰਜਨੀਅਰ ਨੇ ਪਿਛਲੇ ਹਫ਼ਤੇ ਹਦਾਹਾ ਸਰਾਏ ਇਲਾਕੇ ਵਿੱਚ ਸਥਿਤ ਸ਼ਹਿਨਾਈ ਵਾਦਕ ਦੇ ਘਰ ਦਾ ਦੌਰਾ ਕੀਤਾ ਸੀ। ਪਰਿਵਾਰ ਵਲੋਂ ਇਹ ਘਰ ਵਾਪਰਕ ਫ਼ਾਇਦੇ ਲਈ ਢਾਹਿਆ ਜਾ ਰਿਹਾ ਸੀ। ਬਿਸਮਿੱਲਾ ਖ਼ਾਨ ਦੇ ਸ਼ੁਭਚਿੰਤਕਾਂ ਵਲੋਂ ਇਸ ਘਰ ਨੂੰ ‘ਕੌਮੀ ਸਭਿਆਚਾਰਕ ਵਿਰਾਸਤ’ ਵਜੋਂ ਸੰਭਾਲਣ ਦੀ ਅਪੀਲ ਕੀਤੀ ਗਈ ਸੀ, ਜਿਸ ਮਗਰੋਂ ਘਰ ਢਾਹੁਣ ਦੀ ਕਾਰਵਾਈ ਰੁਕਵਾ ਦਿੱਤੀ ਗਈ ਹੈ। ਵੀਡੀਏ ਦੀ ਜਾਂਚ ਰਿਪੋਰਟ ਅਨੁਸਾਰ, ਘਰ ਦੀ ਦੂਜੀ ਮੰਜ਼ਿਲ ’ਤੇ ਸਥਿਤ ਕਮਰਾ ਬਿਸਮਿੱਲ੍ਹਾ ਖ਼ਾਨ ਦੇ ਪੋਤਰੇ ਮੁਹੰਮਦ ਸ਼ਿਫ਼ਤੀਆਂ ਨੇ ਢਾਹ ਦਿੱਤਾ ਹੈ। ਇਸ ਵੇਲੇ ਸ਼ਿਫ਼ਤੀਆਂ ਇਸ ਘਰ ਵਿੱਚ ਰਹਿ ਰਿਹਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਪਰਿਵਾਰਕ ਜੀਆਂ ਵਿਚਾਲੇ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਹੈ। ਬਿਸਮਿੱਲ੍ਹਾ ਖ਼ਾਨ ਦੇ ਪੰਜ ਪੁੱਤਰ ਸਨ। ਵੀਡੀਏ ਦੇ ਸੀਨਅਰ ਅਧਿਕਾਰੀ ਨੇ ਦੱਸਿਆ, ‘‘ਇਹ ਨਿੱਜੀ ਜਾਇਦਾਦ ਦਾ ਮਾਮਲਾ ਹੈ, ਜਿਸ ਕਰਕੇ ਵੀਡੀਏ ਦੀ ਟੀਮ ਨੇ ਜ਼ੁਬਾਨੀ, ਅਤੇ ਨੋਟਿਸ ਰਾਹੀਂ, ਪਰਿਵਾਰਕ ਜੀਆਂ ਨੂੰ ਜੇਕਰ ਘਰ ਖ਼ਸਤਾ ਹਾਲਤ ਵਿੱਚ ਹੈ ਤਾਂ ਇਸ ਨੂੰ ਢਾਹੁਣ ਲਈ ਨੇਮਾਂ ਅਨੁਸਾਰ ਮਿਉਂਸਿਪਲ ਕਾਰਪੋਰੇਸ਼ਨ ਤੋਂ ਇਜਾਜ਼ਤ ਲੈਣ ਲਈ ਆਖਿਆ ਹੈ। ਊਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਨਵੀਂ ਊਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਊਸ ਦਾ ਨਕਸ਼ਾ ਵੀਡੀਏ ਤੋਂ ਪਾਸ ਕਰਵਾਇਆ ਜਾਵੇ।’’ -ਆਈਏਐੱਨਅੇੱਸ