ਨਵੀਂ ਦਿੱਲੀ: ਭਾਰਤ ਨੇ ਕੈਲੀਫੋਰਨੀਆ ਦੇ ਡੇਵਿਸ ਸ਼ਹਿਰ ’ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ ਦੀ ਨਿਖੇਧੀ ਕਰਦਿਆਂ ਇਹ ਮਾਮਲਾ ਅਮਰੀਕਾ ਕੋਲ ਉਠਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਇਹ ਮਾਮਲਾ ਅਮਰੀਕੀ ਵਿਦੇਸ਼ ਵਿਭਾਗ ਕੋਲ ਉਠਾਉਂਦਿਆਂ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਬੁੱਤ ਭਾਰਤ ਵੱਲੋਂ ਤੋਹਫ਼ੇ ’ਚ ਦਿੱਤਾ ਗਿਆ ਸੀ ਅਤੇ ਸੈਂਟਰਲ ਪਾਰਕ ’ਚ ਲੱਗੇ ਇਸ ਬੁੱਤ ਦੀ ਭੰਨ-ਤੋੜ 28 ਜਨਵਰੀ ਨੂੰ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਂ ਫਰਾਂਸਿਸਕੋ ’ਚ ਕੌਂਸੁਲੇਟ ਜਨਰਲ ਆਫ਼ ਇੰਡੀਆ ਨੇ ਵੀ ਵੱਖਰੇ ਤੌਰ ’ਤੇ ਇਹ ਮਾਮਲਾ ਡੇਵਿਸ ਸ਼ਹਿਰ ਦੇ ਅਧਿਕਾਰੀਆਂ ਕੋਲ ਉਠਾਇਆ ਹੈ ਜਿਨ੍ਹਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ ਡੇਵਿਸ ਦੇ ਮੇਅਰ ਨੇ ਘਟਨਾ ’ਤੇ ਅਫ਼ਸੋਸ ਜਤਾਉਂਦਿਆਂ ਕਿਹਾ ਹੈ ਕਿ ਭੰਨ-ਤੋੜ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ