ਵਾਇਨਾਡ(ਕੇਰਲਾ), 24 ਜੂਨ
ਸੱਤਾਧਾਰੀ ਸੀਪੀਆਈ(ਐੱਮ) ਦੇ ਵਿਦਿਆਰਥੀ ਵਿੰਗ ਐੱਸਐੱਫਆਈ (ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਕਾਰਕੁਨਾਂ ਨੇ ਅੱਜ ਇਥੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਸਥਾਨਕ ਦਫ਼ਤਰ ਵਿੱਚ ਦਾਖ਼ਲ ਹੋ ਕੇ ਭੰਨਤੋੜ ਕੀਤੀ। ਐੱਸਐੱਫਆਈ ਵੱਲੋਂ ਗਾਂਧੀ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਸੀ, ਜਿਸ ਨੇ ਮਗਰੋਂ ਹਿੰਸਕ ਰੂਪ ਧਾਰ ਲਿਆ। ਪੁਲੀਸ ਨੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਐੱਸਐੱਫਆਈ ਕਾਰਕੁਨ ਜੰਗਲਾਤ ਖੇਤਰ ਦੁਆਲੇ ਬਫ਼ਰ ਜ਼ੋਨ ਜਾਰੀ ਕੀਤੇ ਜਾਣ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਕਥਿਤ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਸਨ। ਐੱਸਐੱਫਆਈ ਵਰਕਰਾਂ ਨੇ ਵਾਇਨਾਡ ਜ਼ਿਲ੍ਹੇ ਵਿੱਚ ਕਾਂਗਰਸ ਸੰਸਦ ਮੈਂਬਰ ਦੇ ਕਾਲਪੇਟਾ ਸਥਿਤ ਦਫ਼ਤਰ ਵੱਲ ਰੋਸ ਮਾਰਚ ਕੀਤਾ ਤੇ ਦਫ਼ਤਰ ਦੀ ਕਥਿਤ ਭੰਨ-ਤੋੜ ਕੀਤੀ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਰਾਹੁਲ ਗਾਂਧੀ ਦੇ ਦਫ਼ਤਰ ਦੀ ਭੰਨ-ਤੋੜ ਕੀਤੇ ਜਾਣ ਬਾਰੇ ਜਾਣਕਾਰੀ ਸੀ। ਇਸ ਦੌਰਾਨ ਪੁਲੀਸ ਨੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਗਾਂਧੀ ਦੇ ਦਫ਼ਤਰ ’ਤੇ ਹਮਲੇ ਮਗਰੋਂ ਕਾਂਗਰਸੀ ਵਰਕਰਾਂ, ਜਿਨ੍ਹਾਂ ਵਿੱਚ ਯੂਥ ਕਾਂਗਰਸ ਤੇ ਕੇਰਲਾ ਵਿਦਿਆਰਥੀ ਯੂਨੀਅਨ ਦੇ ਮੈਂਬਰ ਵੀ ਸ਼ਾਮਲ ਸਨ, ਨੇ ਰੋਸ ਵਜੋਂ ਸੂਬੇ ਵਿੱਚ ਥਾਂ ਥਾਂ ਰੋਸ ਮੁਜ਼ਾਹਰੇ ਕੀਤੇ। -ਪੀਟੀਆਈ