ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਯੂਥ ਕਾਂਗਰਸ ਨੇ ਅੱਜ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਮਨੀਪੁਰ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਮਨੀਪੁਰ ਵਿੱਚ ਭਾਜਪਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਕਈ ਵਰਕਰ ਸ਼ਾਸਤਰੀ ਭਵਨ ਵੱਲ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ ਕਿ ਦਿੱਲੀ ਪੁਲੀਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਸ੍ਰੀਨਿਵਾਸ ਬੀਵੀ ਸਮੇਤ ਕਈ ਯੂਥ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸ੍ਰੀਨਿਵਾਸ ਬੀਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੈਟਰੋ ਵਿੱਚ ਸਫ਼ਰ ਕਰ ਸਕਦੇ ਹਨ, ਮੱਧ ਪ੍ਰਦੇਸ਼ ਵਿੱਚ ਚੋਣ ਰੈਲੀਆਂ ਕਰ ਸਕਦੇ ਹਨ, ਮਹਾਰਾਸ਼ਟਰ ਵਿੱਚ ਸਰਕਾਰ ’ਚ ਭੰਨਤੋੜ ਕਰ ਸਕਦੇ ਹਨ ਪਰ ਜੋ ਮਨੀਪੁਰ ਕਰੀਬ 60 ਦਿਨਾਂ ਤੋਂ ਸੜ ਰਿਹਾ ਹੈ ਉਸ ਬਾਰੇ ਇਕ ਵੀ ਸ਼ਬਦ ਨਹੀਂ ਵੀ ਬੋਲ ਸਕਦੇ।
ਉਨ੍ਹਾਂ ਸਵਾਲ ਕੀਤਾ ਕਿ ਮਨੀਪੁਰ ਦੀ ਭਾਜਪਾ ਸਰਕਾਰ ਨੂੰ ਕਦੋਂ ਬਰਖਾਸਤ ਕੀਤਾ ਜਾਵੇਗਾ ਤੇ ਉਥੇ ਰਾਸ਼ਟਰਪਤੀ ਸ਼ਾਸਨ ਕਦੋਂ ਲਾਗੂ ਹੋਵੇਗਾ? ਉਨ੍ਹਾਂ ਕਿਹਾ ਕਿ ਸਰਕਾਰ ਰਾਹੁਲ ਗਾਂਧੀ ਨੂੰ ਮਨੀਪੁਰ ਜਾਣ ਤੋਂ ਰੋਕ ਰਹੀ ਹੈ। ਰਾਹੁਲ ਗਾਂਧੀ ਨੂੰ ਹਾਥਰਸ ਤੇ ਲਖੀਮਪੁਰ ਜਾਣ ਵੇਲੇ ਵੀ ਰੋਕਿਆ ਗਿਆ ਸੀ ਪਰ ਇਤਿਹਾਸ ਗਵਾਹ ਹੈ ਕਿ ਰਾਹੁਲ ਗਾਂਧੀ ਜਿੱਥੇ ਵੀ ਜਾਣਾ ਤੈਅ ਕਰਦੇ ਹਨ, ਉੱਥੇ ਜ਼ਰੂਰ ਪਹੁੰਚਦੇ ਹਨ।