ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜਨਵਰੀ
ਸਿੰਘੂ ਬਾਰਡਰ ਉਪਰ ਬੀਤੀ ਦੇਰ ਰਾਤ ਵੀਡੀਓ ਬਣਾ ਰਹੇ ਫਰੀਲਾਂਸਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਅੱਜ ਦਿੱਲੀ ਪੁਲੀਸ ਦੇ ਹੈੱਡਕੁਆਟਰ ਅੱਗੇ ਪੱਤਰਕਾਰਾਂ ਨੇ ਪੁਲੀਸ ਦਮਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ‘ਕਾਰਵਾਂ’ ਮੈਗਜ਼ੀਨ ਅਤੇ ‘ਜਨਪਥ’ ਆਨਲਾਈਨ ਲਈ ਕੰਮ ਕਰਦੇ ਮਨਦੀਪ ਪੂਨੀਆ ਖ਼ਿਲਾਫ਼ ਪੁਲੀਸ ਨਾਲ ਬਦਤਮੀਜ਼ੀ ਦੇ ਕਥਿਤ ਦੋਸ਼ ਲਾਏ ਗਏ ਹਨ ਅਤੇ ਉਸ ਖ਼ਿਲਾਫ਼ ਧਾਰਾ 186 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਉਸ ਨੂੰ ਜੇਲ੍ਹ ਕੋਰਟ ਰੂਮ ਵਿੱਚ ਪੇਸ਼ ਕੀਤਾ ਗਿਆ ਜਿਥੋਂ 14 ਦਿਨਾਂ ਲਈ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਭਲਕੇ ਉਸ ਦੀ ਜ਼ਮਾਨਤ ’ਤੇ ਸੁਣਵਾਈ ਕੀਤੀ ਜਾਵੇਗੀ। ਉਸ ਦੇ ਨਾਲ ਹੀ ਸਿੰਘੂ ਤੋਂ ਹਿਰਾਸਤ ਵਿੱਚ ਲਏ ਗਏ ਪੱਤਰਕਾਰ ਧਰਮਿੰਦਰ ਸਿੰਘ, ਜੋ ਆਨਲਾਈਨ ਨਿਊਜ਼ ਇੰਡੀਆ ਲਈ ਕੰਮ ਕਰਦੇ ਹਨ, ਨੂੰ ਹਲਫ਼ੀਆ ਬਿਆਨ ਦੇਣ ਮਗਰੋਂ ਛੱਡ ਦਿੱਤਾ ਗਿਆ। ਪੱਤਰਕਾਰ ਅੱਜ ਕਰੀਬ ਢਾਈ ਵਜੇ ਦਿੱਲੀ ਪੁਲੀਸ ਦੇ ਨਵੇਂ ਹੈੱਡਕੁਆਰਟਰ ਅੱਗੇ ਇਕੱਠੇ ਹੋਏ ਅਤੇ ਪੁਲੀਸ ਦਮਨ ਦੀ ਨਿੰਦਾ ਕੀਤੀ। ਪੱਤਰਕਾਰਾਂ ਨੇ ਕਿਹਾ ਕਿ ਪੁਲੀਸ ਦੀ ਜ਼ਿਆਦਤੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰ ਖ਼ਿਲਾਫ਼ ਮਾਮਲਾ ਰੱਦ ਕਰਕੇ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕਰੋਨਾ ਮਹਾਮਾਰੀ ਦਾ ਹਵਾਲਾ ਦੇ ਕੇ ਹੈੱਡਕੁਆਰਟਰ ਨੇੜਿਉਂ ਹਟ ਜਾਣ ਲਈ ਕਿਹਾ ਪਰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਚੋਣ ਰੈਲੀ ਕਰ ਸਕਦੇ ਹਨ ਤਾਂ ਪੱਤਰਕਾਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦੇ। ਪੱਤਰਕਾਰ ਮਨਦੀਪ ਪੂਨੀਆ ਦੀ ਗ੍ਰਿਫ਼ਤਾਰੀ ਦੀ ਇੰਡੀਅਨ ਵਿਮੈੱਨ ਪ੍ਰੈੱਸ ਕੋਰ, ਪ੍ਰੈੱਸ ਕਲੱਬ ਆਫ਼ ਇੰਡੀਆ ਅਤੇ ਪ੍ਰੈੱਸ ਐਸੋਸੀਏਸ਼ਨ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਕੇ ਮੀਡੀਆ ਦੇ ਨਿਰਪੱਖ ਰਿਪੋਰਟਿੰਗ ਦੇ ਹੱਕ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਨੀਆ ਖ਼ਿਲਾਫ਼ ਐੱਫਆਈਆਰ ਦੀ ਕਾਪੀ ਅੱਜ ਸਵੇਰੇ ਹੀ ਜਾਰੀ ਕੀਤੀ ਗਈ।
‘ਦਿ ਵਾਇਰ’ ਦੇ ਸੰਪਾਦਕ ਖ਼ਿਲਾਫ਼ ਕੇਸ ਦਰਜ
ਉੱਤਰ ਪ੍ਰਦੇਸ਼ ਪੁਲੀਸ ਵੱਲੋਂ ‘ਦਿ ਵਾਇਰ’ ਦੇ ਸੰਪਾਦਕ ਸਿਧਾਰਥ ਵਰਧਰਾਜਨ ਖ਼ਿਲਾਫ਼ ਡਬਿਡਬਿਾ ਪਿੰਡ (ਨੇੜੇ ਰੁਦਰਪੁਰ) ਦੇ ਨੌਜਵਾਨ ਨਵਰੀਤ ਸਿੰਘ ਹੁੰਦਲ ਦੀ ਆਈਟੀਓ ’ਤੇ ਟਰੈਕਟਰ ਪਲਟ ਜਾਣ ਕਰਕੇ ਹੋਈ ਮੌਤ ਦੀ ਖ਼ਬਰ ਨਾਲ ਜੁੜੇ ਟਵੀਟ ਨੂੰ ਲੈ ਕੇ ਬੀਤੇ ਦਿਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਨਵਰੀਤ ਦੀ ਦੇਹ ਦੇ ਪੋਸਟਮਾਰਟਮ ਦੀ ਰਿਪੋਰਟ ਵੀ ਜਾਰੀ ਕੀਤੀ ਹੈ। ਨਵਰੀਤ 26 ਜਨਵਰੀ ਦੀ ਟਰੈਕਟਰ ਰੈਲੀ ਵਿੱੱਚ ਸ਼ਾਮਲ ਸੀ। ਉਸ ਨਮਿਤ ਅੰਤਿਮ ਅਰਦਾਸ 4 ਜਨਵਰੀ ਨੂੰ ਡਬਿਡਬਿਾ ਦੇ ਗੁਰਦੁਆਰੇ ’ਚ ਕੀਤੀ ਜਾਵੇਗੀ।