ਨਵੀਂ ਦਿੱਲੀ, 14 ਦਸੰਬਰ
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਨੀਤੀਆਂ ਬਣਾਉਣ ਦੇ ਪੱਖ ਤੋਂ ਸਰਕਾਰ ’ਚ ਦੂਰਅੰਦੇਸ਼ੀ ਦੀ ਘਾਟ ਰਹੀ ਹੈ ਤੇ ਇਸ ਕਾਰਨ ਹੁਣ ਆਰਥਿਕ ਉਭਾਰ ਬਾਰੇ ‘ਅਨਿਸ਼ਚਿਤਤਾ’ ਦਾ ਮਾਹੌਲ ਬਣ ਗਿਆ ਹੈ। ਥਰੂਰ ਨੇ ਕਿਹਾ ਕਿ ਮੁਲਕ ਮਹਾਮਾਰੀ ਦਰਮਿਆਨ ‘ਇਕ ਸੰਕਟ’ ਦਾ ਗਵਾਹ ਬਣ ਰਿਹਾ ਹੈ ਪਰ ਇਸ ਦੀ ਨੀਂਹ ਉਦੋਂ ਹੀ ਰੱਖੀ ਗਈ ਸੀ ਜਦ ਸਰਕਾਰ ਨੇ 2016 ਵਿਚ ਹਜ਼ਾਰ ਤੇ 500 ਦੇ ਨੋਟ ਬੰਦ ਕਰਨ ਦਾ ਫ਼ੈਸਲਾ ਲਿਆ ਸੀ।
ਥਰੂਰ ਨੇ ਇਸੇ ਦੌਰਾਨ ਸੰਨ 2021-22 ਲਈ ਗਰਾਂਟਾਂ ਦੀ ਮੰਗ ਉਤੇ ਬਹਿਸ ਦੀ ਸ਼ੁਰੂਆਤ ਵੀ ਕੀਤੀ। ਕਾਂਗਰਸ ਆਗੂ ਨੇ ਕਿਹਾ ਕਿ ਹਰ ਪਾਸੇ ਸੰਕਟ ਹੈ। ਨੋਟਬੰਦੀ ਤੋਂ ਬਾਅਦ ਲਗਾਤਾਰ ਅਰਥਵਿਵਸਥਾ ਨਿੱਘਰ ਰਹੀ ਹੈ। ਇਸ ਸਾਲ ਫਰਵਰੀ ਵਿਚ ਪੇਸ਼ ਕੀਤੇ ਗਏ ਕੇਂਦਰੀ ਬਜਟ ’ਚ ਰੱਖੀ ਗਈ ਰਾਸ਼ੀ ਦੀ ਤਜਵੀਜ਼ ਉਤੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਥਰੂਰ ਨੇ ਕਿਹਾ ਕਿ ਖ਼ਰਚ ਦਾ ਅੰਦਾਜ਼ਾ ਲਾਉਣ ਵਿਚ ਸਰਕਾਰ ਨਾਕਾਮ ਹੋਈ ਹੈ ਤੇ ਹੁਣ ਵਾਧੂ ਮੰਗ ਕਰਨੀ ਪੈ ਰਹੀ ਹੈ। ਥਰੂਰ ਨੇ ਕਿਹਾ ਕਿ ਮਾਲੀਏ ਤੇ ਸੰਭਾਵੀ ਖ਼ਰਚ ਵਿਚਾਲੇ ਖੱਪਾ ਵੱਧਦਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੀ ਵਿਨਿਵੇਸ਼ ਨੀਤੀ ਸਹੀ ਢੰਗ ਨਾਲ ਸਿਰੇ ਨਹੀਂ ਚੜ੍ਹੀ। -ਪੀਟੀਆਈ
ਮੋਦੀ ਦਾ ਟਵਿੱਟਰ ਹੈਂਡਲ ਹੈਕ ਹੋਣ ਦੇ ਮਾਮਲੇ ’ਚ ਅਧਿਕਾਰੀਆਂ ਤੋਂ ਪੁੱਛਗਿੱਛ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਹੈਕ ਹੋਣ ਦੇ ਮਾਮਲੇ ਵਿਚ ਅੱਜ ਇਲੈਕਟ੍ਰੌਨਿਕਸ ਤੇ ਆਈਟੀ ਮੰਤਰਾਲੇ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਕਾਂਗਰਸ ਆਗੂ ਸ਼ਸ਼ੀ ਥਰੂਰ ਦੀ ਅਗਵਾਈ ਵਿਚ ਸੰਸਦੀ ਕਮੇਟੀ ਨੇ ਅਧਿਕਾਰੀਆਂ ਤੋਂ ਪੈਗਾਸਸ ਮੁੱਦੇ ਬਾਰੇ ਵੀ ਸਵਾਲ ਪੁੱਛੇ। ਅਧਿਕਾਰੀਆਂ ਨੇ ਇਸ ਮੌਕੇ ਸਥਾਈ ਕਮੇਟੀ ਅੱਗੇ ਨਾਗਰਿਕ ਹੱਕਾਂ ਦੀ ਰਾਖੀ, ਸੋਸ਼ਲ/ਆਨਲਾਈਨ ਨਿਊਜ਼ ਮੀਡੀਆ ਪਲੈਟਫਾਰਮਾਂ, ਡਿਜੀਟਲ ਖੇਤਰ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਆਪਣਾ ਪੱਖ ਰੱਖਿਆ। ਪੈਗਾਸਸ ਦੇ ਮਾਮਲੇ ’ਤੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ