ਨਵੀਂ ਦਿੱਲੀ, 19 ਨਵੰਬਰ
ਇਸ ਵੇਲੇ ਉਤਰੀ ਭਾਰਤ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਤੇ ਮੱਧ ਪ੍ਰਦੇਸ਼ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਤੋਂ ਉਤੇ ਦੇ ਖੇਤਰਾਂ ਵਿਚ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ। ਇਸ ਵੇਲੇ ਰਾਜਸਥਾਨ ਵਿਚ ਠੰਢ ਕਾਫੀ ਵਧ ਗਈ ਹੈ। ਇੱਥੋਂ ਦੇ ਸੀਕਰ ਵਿਚ ਘੱਟ ਤੋਂ ਘੱਟ ਤਾਪਮਾਨ 6.5 ਦਰਜ ਕੀਤਾ ਗਿਆ। ਪੰਜਾਬ ਵਿਚ ਵੀ ਤਾਪਮਾਨ ਆਮ ਦਿਨਾਂ ਨਾਲੋਂ ਘੱਟ ਗਿਆ ਹੈ। ਦੂਜੇ ਪਾਸੇ ਦੇਸ਼ ਵਿਚ ਸਭ ਤੋਂ ਘੱਟ ਦਿਸਣਯੋਗਤਾ ਜ਼ੀਰੋ ਮੀਟਰ ਆਗਰਾ ਵਿਚ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਇੱਥੇ ਅਗਲੇ ਚਾਰ ਦਿਨ ਸੰਘਣੀ ਧੁੰਦ ਜਾਰੀ ਰਹਿ ਸਕਦੀ ਹੈ। ਇਸ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਦੇ ਕਈ ਖੇਤਰਾਂ ਵਿਚ ਅੱਜ ਬਰਫਬਾਰੀ ਹੋਈ। ਸੋਨਮਰਗ ਵਿਚ ਬੀਤੇ ਦਿਨੀਂ ਬਰਫਬਾਰੀ ਹੋਈ ਸੀ ਤੇ ਅੱਜ ਸਵੇਰ ਵੀ ਬਰਫਬਾਰੀ ਹੋਈ। ਇਸ ਕਾਰਨ ਉਤਰੀ ਭਾਰਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰਾਂ ਅਤੇ ਹੋਰ ਉੱਚੇ ਇਲਾਕਿਆਂ ’ਚ 22 ਨਵੰਬਰ ਤੋਂ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਭਾਖੜਾ ਡੈਮ (ਬਿਲਾਸਪੁਰ) ਦੇ ਖੇਤਰਾਂ ਦੇ ਕਈ ਹਿੱਸਿਆਂ ਵਿੱਚ 22 ਨਵੰਬਰ ਤੱਕ ਦੇਰ ਰਾਤ ਤੇ ਤੜਕੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਲਾਹੌਲ ਅਤੇ ਸਪਿਤੀ ਨੂੰ ਜੋੜਨ ਵਾਲੇ ਕੁੰਜੁਮ ਪਾਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇੱਥੇ ਸੜਕਾਂ ’ਤੇ ਬਰਫ਼ ਇਕੱਠੀ ਹੋਣ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਲਾਹੌਲ ਅਤੇ ਲੇਹ ਨੂੰ ਜੋੜਨ ਵਾਲੇ ਬਾਰਾਲਾਚਾ ਦੱਰੇ ਅਤੇ ਲਾਹੌਲ ਨੂੰ ਕਾਰਗਿਲ ਨਾਲ ਜੋੜਨ ਵਾਲੇ ਸ਼ਿੰਕੁਲਾ ਦੱਰੇ ’ਤੇ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ। ਸੈਲਾਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਰਸਤਿਆਂ ਵੱਲ ਜਾਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਐਡਵਾਇਜ਼ਰੀ ਦੇਖ ਲੈਣ ਕਿਉਂਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ।