ਵਿਜੈ ਮੋਹਨ
ਚੰਡੀਗੜ੍ਹ, 13 ਅਕਤੂਬਰ
ਚੀਨ ਨਾਲ ਸਰਹੱਦੀ ਟਕਰਾਅ ਦਰਮਿਆਨ ਲੱਦਾਖ ’ਚ ਟੈਕਾਂ ਅਤੇ ਬਖ਼ਤਰਬੰਦ ਵਾਹਨਾਂ ਦੀ ਵੱਡੀ ਗਿਣਤੀ ’ਚ ਤਾਇਨਾਤੀ ਦੇਖੀ ਗਈ ਹੈ। ਫ਼ੌਜ ਵੱਲੋਂ ਊੱਚੀਆਂ ਚੋਟੀਆਂ ’ਤੇ ਕਾਰਗੁਜ਼ਾਰੀ ’ਚ ਸੁਧਾਰ ਲਈ ਟੈਂਕਾਂ ਨੂੰ ਲਿਜਾਣ ਵਾਲੇ ਵਾਹਨਾਂ ’ਚ ਬਦਲਾਅ ਕੀਤਾ ਜਾ ਰਿਹਾ ਹੈ। ਊਨ੍ਹਾਂ ਵੱਲੋਂ ਊੱਚੀਆਂ ਚੋਟੀਆਂ ਵਾਲੀਆਂ ਕਿੱਟਾਂ ਖ਼ਰੀਦੀਆਂ ਜਾ ਰਹੀਆਂ ਹਨ ਤਾਂ ਜੋ ਭੇਲ ਵੱਲੋਂ ਬਣਾਏ ਗਏ ਟੈਟਰਾ 8×8 ਟਰੈਕਟਰ ਦੇ ਇੰਜਣ ’ਚ ਸੁਧਾਰ ਕੀਤਾ ਜਾ ਸਕੇ ਜੋ ਟੈਂਕ ਟਰਾਂਸਪੋਰਟਰ ਟਰੇਲਰ ਨੂੰ ਖਿੱਚਦਾ ਹੈ। ਸੂਤਰਾਂ ਨੇ ਕਿਹਾ ਕਿ ਇਹ ਕਿੱਟਾਂ ਖ਼ਰੀਦ ਕੇ ਊਨ੍ਹਾਂ ਨੂੰ ਈਐੱਮਈ ਕੋਰ ਦੀ ਸਥਾਨਕ ਵਰਕਸ਼ਾਪ ’ਚ ਮੁੜ ਤੋਂ ਫਿੱਟ ਕੀਤਾ ਜਾਵੇਗਾ। ਗਰਮੀਆਂ ’ਚ ਟੀ-90 ਟੈਂਕ ਅਤੇ ਪੈਦਲ ਸੈਨਾ ਦੇ ਟਾਕਰੇ ਵਾਲੇ ਵਾਹਨਾਂ ਸਮੇਤ ਵੱਡੀ ਪੱਧਰ ’ਤੇ ਬਖ਼ਤਰਬੰਦ ਵਾਹਨ ਪੂਰਬੀ ਲੱਦਾਖ ’ਚ ਪਹੁੰਚਾਏ ਗਏ ਸਨ। ਫ਼ੌਜ ਨੇ ਮਈ ’ਚ 36 ਨਵੇਂ 8×8 ਟਰੈਕਟਰ ਖ਼ਰੀਦਣ ਦਾ ਅਮਲ ਸ਼ੁਰੂ ਕੀਤਾ ਸੀ ਜੋ 70 ਟਨ ਤੱਕ ਵਜ਼ਨ ਨੂੰ ਖਿੱਚ ਸਕਦੇ ਹਨ। ਇਸ ਦੇ ਨਾਲ 20-25 ਟਨ ਸ਼੍ਰੇਣੀ ਦੇ ਹਲਕੇ ਟੈਂਕ ਖ਼ਰੀਦੇ ਜਾਣ ਦਾ ਅਮਲ ਵੀ ਚੱਲ ਰਿਹਾ ਹੈ ਜਿਹੜੇ ਚੀਨ ਵੱਲੋਂ ਵੀ ਵਰਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਲੱਦਾਖ ਦਾ ਜ਼ਿਆਦਾਤਰ ਇਲਾਕਾ ਊੱਚਾ-ਨੀਵਾਂ ਹੈ ਪਰ ਡੇਪਸਾਂਗ, ਚੁਸ਼ੂਲ ਅਤੇ ਡੇਮਚੋਕ ਵਰਗੇ ਇਲਾਕਿਆਂ ’ਚ ਜ਼ਮੀਨ ਸਮਤਲ ਹੈ ਅਤੇ ਊਥੇ ਬਖ਼ਤਰਬੰਦ ਵਾਹਨ ਤਾਇਨਾਤ ਕੀਤੇ ਜਾ ਸਕਦੇ ਹਨ। ਕੁਝ ਹਲਕੇ ਵਾਹਨਾਂ ਨੂੰ 20 ਹਜ਼ਾਰ ਫੁੱਟ ਦੀ ਊਚਾਈ ’ਤੇ ਤਾਇਨਾਤ ਕੀਤਾ ਗਿਆ ਹੈ ਪਰ ਟੈਂਕ ਟਰਾਂਸਪੋਰਟਰਾਂ ਤੋਂ ਖ਼ਿੱਤੇ ’ਚ 15 ਹਜ਼ਾਰ ਫੁੱਟ ਤੱਕ ਦੀ ਊਚਾਈ ਤੱਕ ਹੀ ਕੰਮ ਲਿਆ ਜਾਂਦਾ ਹੈ।
ਭਾਰਤ-ਚੀਨ ਵਿਚਾਲੇ ਹਾਂ-ਪੱਖੀ ਅਤੇ ਊਸਾਰੂ ਵਾਰਤਾ ਹੋਣ ਦਾ ਦਾਅਵਾ
ਨਵੀਂ ਦਿੱਲੀ: ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਹੋਈ ਸੱਤਵੇਂ ਗੇੜ ਦੀ ਵਾਰਤਾ ‘ਹਾਂ-ਪੱਖੀ ਅਤੇ ਊਸਾਰੂ’ ਰਹੀ। ਊਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੇ ਆਪਣੇ ਆਗੂਆਂ ਵੱਲੋਂ ਮੱਤਭੇਦਾਂ ਨੂੰ ਵਿਵਾਦ ’ਚ ਨਾ ਬਦਲਣ ਸਬੰਧੀ ਹੋਏ ਸਮਝੌਤੇ ਨੂੰ ਸੰਜੀਦਗੀ ਨਾਲ ਲਾਗੂ ਕਰਨ ’ਤੇ ਸਹਿਮਤੀ ਜਤਾਈ ਹੈ। ਚੁਸ਼ੂਲ ’ਚ ਸੋਮਵਾਰ ਨੂੰ ਕਰੀਬ 12 ਘੰਟੇ ਤੱਕ ਚੱਲੀ ਫ਼ੌਜੀ ਪੱਧਰ ਦੀ ਗੱਲਬਾਤ ਦੌਰਾਨ ਦੋਵੇਂ ਮੁਲਕਾਂ ਨੇ ਪੂਰਬੀ ਲੱਦਾਖ ’ਚੋਂ ਵੱਖ ਵੱਖ ਥਾਵਾਂ ਤੋਂ ਫ਼ੌਜ ਪਿੱਛੇ ਹਟਾਊਣ ਬਾਰੇ ਵਿਚਾਰ ਵਟਾਂਦਰਾ ਕੀਤਾ। ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਅੱਗੇ ਵੀ ਫ਼ੌਜੀ ਅਤੇ ਕੂਟਨੀਤਕ ਪੱਧਰ ਦੀ ਵਾਰਤਾ ਜਾਰੀ ਰੱਖਣ ’ਤੇ ਸਹਿਮਤ ਹੋਈਆਂ ਤਾਂ ਜੋ ਫ਼ੌਜ ਪਿੱਛੇ ਹਟਾਊਣ ਸਬੰਧੀ ਛੇਤੀ ਕੋਈ ਹੱਲ ਕੱਢਿਆ ਜਾ ਸਕੇ। -ਪੀਟੀਆਈ