ਮੁੰਬਈ: ਈਡੀ ਵੱਲੋਂ ਬਹੁਕਰੋੜੀ ਮਨੀ ਲਾਂਡਰਿੰਗ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦਾ ਅੱਗੇ ਹੋਰ ਰਿਮਾਂਡ ਨਾ ਲਏ ਜਾਣ ’ਤੇ ਪੀਐੱਮਐੱਲਏ ਦੀ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਅੱਜ ਈਡੀ ਦੀ ਹਿਰਾਸਤ ਦੀ ਮਿਆਦ ਖ਼ਤਮ ਹੋਣ ’ਤੇ ਐੱਨਸੀਪੀ ਆਗੂ ਨੂੰ ਵਿਸ਼ੇਸ਼ ਜੱਜ ਐੱਚ ਐੱਸ ਸਤਭਾਈ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਜਾਂਚ ਏਜੰਸੀ ਵੱਲੋਂ ਹੋਰ ਪੁੱਛਗਿੱਛ ਲਈ ਨਾ ਆਖਣ ’ਤੇ ਅਦਾਲਤ ਵੱਲੋਂ ਦੇਸ਼ਮੁੱਖ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਜਿਸ ਮਗਰੋਂ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਅਦਾਲਤ ਅੱਗੇ ਅਪੀਲ ਦਾਖ਼ਲ ਕਰ ਕੇ ਉਨ੍ਹਾਂ ਦੀ ਉਮਰ ਤੇ ਸਿਹਤ ਦੇ ਮੱਦੇਨਜ਼ਰ ਘਰ ਤੋਂ ਖਾਣਾ ਤੇ ਦਵਾਈਆਂ ਲਿਆਉਣ ਦੀ ਆਗਿਆ ਮੰਗੀ। ਵਕੀਲਾਂ ਨੇ ਸਾਬਕਾ ਮੰਤਰੀ ਦੀ ਪਿੱਠ ’ਚ ਦਰਦ ਦਾ ਹਵਾਲਾ ਦਿੰਦਿਆਂ ਬੈੱਡ ਦਾ ਪ੍ਰਬੰਧ ਕਰਵਾਉਣ ਦੀ ਅਪੀਲ ਵੀ ਕੀਤੀ। ਇਸ ’ਤੇ ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਬੈੱਡ ਦਾ ਪ੍ਰਬੰਧ ਕਰਨ ਤੇ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਲਿਆਉਣ ਦੀ ਆਗਿਆ ਦੇ ਦਿੱਤੀ ਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਦਿਨਾਂ ਤੱਕ ਖਾਣੇ ਸਬੰਧੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਹ ਅਦਾਲਤ ’ਚ ਅਪੀਲ ਕਰ ਸਕਦੇ ਹਨ। -ਪੀਟੀਆਈ