ਦੇਹਰਾਦੂਨ, 4 ਜੁਲਾਈ
ਪੁਸ਼ਕਰ ਸਿੰਘ ਧਾਮੀ ਨੇ ਅੱਜ ਸ਼ਾਮੀਂ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਰਾਜਪਾਲ ਬੇਬੀ ਰਾਣੀ ਮੌਰਿਆ ਨੇ ਦਿਵਾਇਆ। ਰਾਜ ਭਵਨ ਦੇ ਲਾਅਨ ਵਿੱਚ ਹੋਏ ਸਾਦਾ ਹਲਫ਼ਦਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਤੋਂ ਇਲਾਵਾ 11 ਹੋਰਨਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਧਾਮੀ ਕੈਬਨਿਟ ਵਿੱਚ ਭਾਵੇਂ ਕੋਈ ਨਵਾਂ ਚਿਹਰਾ ਨਹੀਂ ਹੈ, ਪਰ ਐਤਕੀਂ ਸਿਰਫ਼ ਇੰਨਾ ਕੁ ਫਰਕ ਹੈ ਕਿ ਸਾਰੇ ਮੰਤਰੀਆਂ ਕੋਲ ਕੈਬਨਿਟ ਰੈਂਕ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਸਿੰਘ ਧਾਮੀ ਨੂੰ ਮੁਬਾਰਕਬਾਦ ਦਿੰਦਿਆਂ ਆਸ ਜਤਾਈ ਕਿ ਉਹ ਤੇ ਉਨ੍ਹਾਂ ਦੀ ਪੂਰੀ ਟੀਮ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ਲਈ ਕੰਮ ਕਰੇਗੀ। -ਪੀਟੀਆਈ