ਕੋਲਕਾਤਾ, 17 ਜੁਲਾਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਐੱਨਡੀਏ ਦਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ’ਤੇ ਕੈਬਨਿਟ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਅੱਜ ਭਾਜਪਾ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਧਨਖੜ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੁਖਾਲਫ਼ਤ ਕਰਨ ਦਾ ਇਨਾਮ ਦਿੱਤਾ ਗਿਆ ਹੈ। ਸੂਬੇ ਦੀ ਸਿਹਤ ਤੇ ਵਿੱਤ ਮੰਤਰੀ ਭੱਟਾਚਾਰੀਆ ਨੇ ਕਿਹਾ ਕਿ ਧਨਖੜ ਨੇ ਰਾਜਪਾਲ ਦੀ ਕੁਰਸੀ ’ਤੇ ਬੈਠੇ ਹੋਣ ਦੇ ਬਾਵਜੂਦ ਭਾਜਪਾ ਦੇ ਬੁਲਾਰੇ ਵਜੋਂ ਕੰਮ ਕੀਤਾ ਹੈ। ਇੱਥੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਉਨ੍ਹਾਂ (ਧਨਖੜ) ਨੂੰ ਸਰਕਾਰ ਅਤੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦਾ ਇਨਾਮ ਮਿਲਿਆ ਹੈ।’’ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੇ ਬੀਤੇ ਦਿਨੀਂ ਧਨਖੜ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਜੁਲਾਈ 2019 ਵਿੱਚ ਰਾਜਪਾਲ ਦਾ ਅਹੁਦਾ ਸੰਭਾਲਣ ਮਗਰੋਂ ਧਨਖੜ ਦਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨਾਲ ਕਈ ਮੁੱਦਿਆਂ ਨੂੰ ਲੈ ਕੇ ਟਕਰਾਅ ਹੋ ਚੁੱਕਿਆ ਹੈ।
ਇਸ ਦੌਰਾਨ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਵੱਲੋਂ ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਵਜੋਂ ਮਾਰਗਰੇਟ ਅਲਵਾ ਦਾ ਨਾਮ ਐਲਾਨੇ ਜਾਣ ਮਗਰੋਂ ਟੀਐੱਮਸੀ ਨੇ ਕਿਹਾ ਹੈ ਕਿ ਉਹ ਆਪਣਾ ਸਟੈਂਡ 21 ਜੁਲਾਈ ਨੂੰ ਸਪੱਸ਼ਟ ਕਰੇਗੀ। ਸੰਸਦ ਮੈਂਬਰ ਸੌਗਾਤਾ ਰਾਏ ਨੇ ਕਿਹਾ ਕਿ ਟੀਐੱਮਸੀ ਦੇ ਸੰਸਦ ਮੈਂਬਰਾਂ ਦੀ 21 ਜੁਲਾਈ ਨੂੰ ‘ਸ਼ਹੀਦੀ ਦਿਵਸ’ ਮੌਕੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨਾਲ ਮੀਟਿੰਗ ਹੋਵੇਗੀ ਜਿਸ ’ਚ ਇਸ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ। ਟੀਐੱਮਸੀ ਤਰਜਮਾਨ ਕੁਨਾਲ ਘੋਸ਼ ਨੇ ਵੀ ਕਿਹਾ ਕਿ ਪਾਰਟੀ ਦੇ ਸਿਖਰਲੇ ਆਗੂ ਉਪ ਰਾਸ਼ਟਰਪਤੀ ਚੋਣ ਦੇ ਮੁੱਦੇ ’ਤੇ ਵਿਚਾਰ ਵਟਾਂਦਰਾ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਅਸੀਂ ਅਨੁਸ਼ਾਸਿਤ ਪਾਰਟੀ ਹਾਂ। ਅਸੀਂ ਇਸ ਮੁੱਦੇ ’ਤੇ ਪਹਿਲਾਂ ਕੁਝ ਵੀ ਨਹੀਂ ਆਖਾਂਗੇ।’’ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਨੇ ਟੀਐੱਮਸੀ ਨੂੰ ਅਪੀਲ ਕੀਤੀ ਹੈ ਕਿ ਉਹ ਐੱਨਡੀਏ ਉਮੀਦਵਾਰ ਜਗਦੀਪ ਧਨਖੜ ਦੀ ਹਮਾਇਤ ਕਰੇ। -ਪੀਟੀਆਈ
ਧਨਖੜ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਕਿਸਾਨਾਂ ਵੱਲੋਂ ਨੱਢਾ ਦਾ ਸਨਮਾਨ
ਨਵੀਂ ਦਿੱਲੀ: ਭਾਜਪਾ ਵੱਲੋਂ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਸੱਤਾਧਾਰੀ ਐੱਨਡੀਏ ਦਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕਿਸਾਨਾਂ ਨੇ ਪਾਰਟੀ ਪ੍ਰਧਾਨ ਜੇਪੀ ਨੱਢਾ ਦਾ ਸਨਮਾਨ ਕੀਤਾ। ਉਨ੍ਹਾਂ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੱਢਾ ਦੀ ਸ਼ਲਾਘਾ ਕੀਤੀ। ਭਾਜਪਾ ‘ਕਿਸਾਨ ਮੋਰਚਾ’ ਦੇ ਪ੍ਰਧਾਨ ਰਾਜਕੁਮਾਰ ਚਾਹਰ ਨੇ ਦੱਸਿਆ ਕਿ ਧਨਖੜ ਨੂੰ ਉਮੀਦਵਾਰ ਬਣਾਏ ਜਾਣ ’ਤੇ ਕਿਸਾਨ ਧੰਨਵਾਦ ਕਰਨਾ ਚਾਹੁੰਦੇ ਸਨ। ਭਾਜਪਾ ਆਗੂਆਂ ਮੁਤਾਬਕ ਕਿਸਾਨ ਹਰਿਆਣਾ, ਰਾਜਸਥਾਨ ਤੇ ਯੂਪੀ ਤੋਂ ਆਏ ਸਨ। ਜ਼ਿਕਰਯੋਗ ਹੈ ਕਿ ਧਨਖੜ ਰਾਜਸਥਾਨ ਦੇ ਜਾਟ ਆਗੂ ਹਨ। ਨੱਢਾ ਨੇ ਧਨਖੜ ਨੂੰ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਕਿਸਾਨ ਪੁੱਤਰ ਕਿਹਾ ਸੀ। ਪਾਰਟੀ ਨੇ ਬਿਆਨ ਜਾਰੀ ਕਰ ਕੇ ਧਨਖੜ ਦੇ ਕਿਸਾਨ ਪਿਛੋਕੜ ਨੂੰ ਵੀ ਉਭਾਰਿਆ ਸੀ। ਜ਼ਿਕਰਯੋਗ ਹੈ ਕਿ ਹਰਿਆਣਾ, ਪੱਛਮੀ ਯੂਪੀ ਤੇ ਰਾਜਸਥਾਨ ਵਿਚ ਜਾਟ ਭਾਈਚਾਰਾ ਵੱਡੀ ਗਿਣਤੀ ਵਿਚ ਰਹਿੰਦਾ ਹੈ। -ਪੀਟੀਆਈ