ਦੇਹਰਾਦੂਨ, 1 ਸਤੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਰਾਸ਼ਟਰੀ ਮਿਲਟਰੀ ਕਾਲਜ (ਆਰਆਈਐੱਮਸੀ) ਦੇਹਰਾਦੂਨ ਦੇ ਕੈਡਿਟਾਂ ਨੂੰ ਆਪਣੇ ਸੰਸਥਾਨ ਦੇ ‘ਬਲ ਵਿਵੇਕ’ ਦੇ ਮਨੋਰਥ ’ਤੇ ਚੱਲਦਿਆਂ ਤਾਕਤ ਅਤੇ ਗਿਆਨ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਜ਼ਿੰਦਗੀ ਵਿੱਚ ਵੱਡੀਆਂ ਲੜਾਈਆਂ ਲੜ ਸਕਣ। ਕੌਮੀ ਹਿੱਤਾਂ ਨੂੰ ਹਰ ਹਾਲਤ ਵਿੱਚ ਸਭ ਤੋਂ ਉਪਰ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘‘ਮਾਣ ਅਤੇ ਨਿਡਰਤਾ ਨਾਲ ਦੇਸ਼ ਦੀ ਸੇਵਾ ਕਰੋ। ਭਾਰਤ ਮਾਤਾ ਤੁਹਾਡੀ ਉਡੀਕ ਕਰ ਰਹੀ ਹੈ। ਰਾਸ਼ਟਰ ਦਾ ਭਵਿੱਖ ਤੁਹਾਡੇ ਮੋਢਿਆਂ ’ਤੇ ਹੈ। ਰਾਸ਼ਟਰ ਹਿੱਤ ਨੂੰ ਹਮੇਸ਼ਾ ਪਹਿਲ ਦਿਓ। ਤੁਹਾਡਾ ਚਾਲ-ਚਲਣ ਅਨੁਸ਼ਾਸਨ, ਸ਼ਿਸ਼ਟਾਚਾਰ ਤੇ ਹਮਦਰਦੀ ਦੀ ਮਿਸਾਲ ਹੋਣਾ ਚਾਹੀਦਾ ਹੈ।”
ਧਨਖੜ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੂੰ ਨੌਜਵਾਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਅਤੇ ਭਾਰਤ ਦੇ ਵਿਲੱਖਣ ਆਰਥਿਕ ਵਿਕਾਸ, ਵਿਕਾਸ ਯਾਤਰਾ ਅਤੇ ਆਲਮੀ ਪੱਧਰ ’ਤੇ ਇਸ ਦੇ ਉਭਾਰ ਦੀ ‘ਜ਼ਮੀਨੀ ਹਕੀਕਤ’ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਧਨਖੜ ਨੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ 10 ਦਸੰਬਰ 1962 ਨੂੰ ਕਾਲਜ ਵਿੱਚ ਕੈਡਿਟਾਂ ਨੂੰ ਦਿੱਤਾ ਭਾਸ਼ਣ ਵੀ ਦੁਹਰਾਇਆ।
ਅਸਫ਼ਲਤਾ ਦੇ ਡਰ ਨੂੰ ਵਿਕਾਸ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਦਿਆਂ ਧਨਖੜ ਨੇ ਕਿਹਾ ਕਿ ਜ਼ਿੰਦਗੀ ਵਿੱਚ ਕਦੇ ਵੀ ਅਸਫਲਤਾ ਤੋਂ ਨਾ ਡਰੋ, ਇਹ ਹੀ ਸਫ਼ਲਤਾ ਵੱਲ ਕਦਮ ਹੈ।’’ ਉਪ ਰਾਸ਼ਟਰਪਤੀ ਨੇ ਚੰਦਰਯਾਨ ਮਿਸ਼ਨ ਦਾ ਜ਼ਿਕਰ ਕਰਦਿਆਂ ਕਿਹਾ, “ਇਤਿਹਾਸਕ ਚੰਦਰਯਾਨ ਮਿਸ਼ਨ ਨੂੰ ਯਾਦ ਰੱਖੋ। ਚੰਦਰਯਾਨ-2 ਅੰਸ਼ਕ ਤੌਰ ’ਤੇ ਸਫਲ ਰਿਹਾ। ਕੁਝ ਲਈ ਇਹ ਅਸਫਲਤਾ ਸੀ ਪਰ ਸਮਝਦਾਰਾਂ ਲਈ ਇਹ ਸਫਲਤਾ ਵੱਲ ਕਦਮ ਸੀ।’’ ਉਨ੍ਹਾਂ ਕਿਹਾ, “ਪਿਛਲੇ ਸਾਲ 23 ਅਗਸਤ ਨੂੰ ਜਦੋਂ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ ਨੂੰ ਛੂਹਿਆ ਤਾਂ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।” -ਪੀਟੀਆਈ