ਨਵੀਂ ਦਿੱਲੀ, 6 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ ਹਿੰਸਾ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਕੁਝ ਹੋਰ ਨੇਤਾਵਾਂ ਨੂੰ ਉੱਤਰ ਪ੍ਰਦੇਸ਼ ਜਾਣ ਤੋਂ ਰੋਕਣ ਲਈ ਹਿਰਾਸਤ ਵਿੱਚ ਲੈਣ ਦੇ ਮੱਦੇਨਜ਼ਰ ਕਿਹਾ ਕਿ ਭਾਰਤ ਵਿੱਚ ਕਦੇ ਜਮਹੂਰੀਅਤ ਹੁੰਦੀ ਸੀ ਪਰ ਹੁਣ ਤਾਨਾਸ਼ਾਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ ਨੂੰ ਆਜ਼ਾਦ ਘੁੰਮਣ ਦੀ ਆਜ਼ਾਦੀ ਹੈ, ਜਦੋਂ ਕਿ ਪੀੜਤਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਲਖੀਮਪੁਰ ਖੀਰੀ ਜਾਣਗੇ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ,‘ਕਿਸਾਨ ਜੀਪ ਦੇ ਹੇਠਾਂ ਦਰੜੇ ਜਾ ਰਹੇ ਹਨ। ਭਾਜਪਾ ਮੰਤਰੀ ਅਤੇ ਉਸਦੇ ਬੇਟੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕਿਸਾਨਾਂ ‘ਤੇ ਯੋਜਨਾਬੱਧ ਹਮਲੇ ਕੀਤੇ ਜਾ ਰਹੇ ਹਨ। ‘ਪ੍ਰਧਾਨ ਮੰਤਰੀ ਕੱਲ੍ਹ ਲਖਨਊ ਵਿੱਚ ਸਨ ਪਰ ਲਖੀਮਪੁਰ ਖੀਰੀ ਨਹੀਂ ਜਾ ਸਕੇ।’