ਨਵੀਂ ਦਿੱਲੀ, 28 ਜੁਲਾਈ
ਕਾਂਗਰਸ ਨੇ ਅੱਜ ਕਿਹਾ ਕਿ ਮਨੀਪੁਰ ਦੇ ਲੋਕ ਸਵਾਲ ਪੁੱਛ ਰਹੇ ਹਨ ਕਿ ਕੀ ਮੁੱਖ ਮੰਤਰੀ ਐੱਨ.ਬੀਰੇਨ ਸਿੰਘ, ਜਿਨ੍ਹਾਂ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀਆਂ ਦੋ ਬੈਠਕਾਂ ਵਿਚ ਸ਼ਿਰਕਤ ਕੀਤੀ ਹੈ, ਨੇ ਉਨ੍ਹਾਂ ਨਾਲ ਹਿੰਸਾ ਦੇ ਝੰਬੇ ਸੂਬੇ ਦੇ ਹਾਲਾਤ ਬਾਰੇ ਚਰਚਾ ਕੀਤੀ ਤੇ ਉਨ੍ਹਾਂ ਨੂੰ ਮਨੀਪੁਰ ਆਉਣ ਦਾ ਸੱਦਾ ਦਿੱਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮਨੀਪੁਰ ਦੇ ਮੁੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨੀਤੀ ਆਯੋਗ ਦੀ ਬੈਠਕ ਵਿਚ ਸ਼ਿਰਕਤ ਕੀਤੀ। ਉਪਰੰਤ ਬੀਰੇਨ ਸਿੰਘ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਦੀ ਬੈਠਕ ਵਿਚ ਵੀ ਸ਼ਾਮਲ ਹੋਏ, ਜਿਸ ਦੀ ਅਗਵਾਈ ਮੁੜ ਪ੍ਰਧਾਨ ਮੰਤਰੀ ਨੇ ਕੀਤੀ। ਰਮੇਸ਼ ਨੇ ਕਿਹਾ, ‘‘ਮਨੀਪੁਰ ਦੇ ਲੋਕ ਇਕ ਸਰਲ ਸਵਾਲ ਪੁੱਛ ਰਹੇ ਹਨ ਕਿ ਕੀ ਸ੍ਰੀ ਐੱਨ.ਬੀਰੇਨ ਸਿੰਘ ਨੇ ਸ੍ਰੀ ਨਰਿੰਦਰ ਮੋਦੀ ਨਾਲ ਦੋ ਵਾਰ ਮੁਲਾਕਾਤ ਕਰਨ ਮੌਕੇ ਉਨ੍ਹਾਂ ਨਾਲ ਮਨੀਪੁਰ ਦੇ ਹਾਲਾਤ ਬਾਰੇ ਚਰਚਾ ਕੀਤੀ। ਕੀ ਬੀਰੇਨ ਸਿੰਘ ਨੇ ਸ੍ਰੀ ਮੋਦੀ ਨੂੰ ਉਨ੍ਹਾਂ ਦੀ ਯੂਕਰੇਨ ਫੇਰੀ ਤੋਂ ਪਹਿਲਾਂ ਜਾਂ ਬਾਅਦ ਵਿਚ ਮਨੀਪੁਰ ਫੇਰੀ ਦਾ ਸੱਦਾ ਦਿੱਤਾ। -ਪੀਟੀਆਈ