ਕੋਲਕਾਤਾ, 20 ਸਤੰਬਰ
ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲੇ। ਚੇਤੇ ਰਹੇ ਉਹ ਪਿਛਲੇ ਹਫ਼ਤੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਆਸਨਸੋਲ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਪ੍ਰਿਓ, ਬੈਨਰਜੀ ਨੂੰ ਮਿਲਣ ਸੂਬਾ ਸਕੱਤਰੇਤ ਨਬਾਨਾ ਪਹੁੰਚੇ। ਮੀਟਿੰਗ ਮਗਰੋਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਦੀਦੀ ਨਾਲ ਬਹੁਤ ਵਧੀਆ ਮੀਟਿੰਗ ਹੋਈ। ਅਸੀਂ ਚੰਗੀ ਵਿਚਾਰ ਚਰਚਾ ਕੀਤੀ। ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਬੰਗਾਲ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱੱਤਾ ਗਿਆ ਹੈ। ਦੀਦੀ ਤੇ ਅਭਿਸ਼ੇਕ ਬੈਨਰਜੀ ਦਾ ਨਿੱਘਾ ਸੁਭਾਅ ਤੇ ਮੋਹ ਮੇਰੇ ਮਨ ਨੂੰ ਛੂਹ ਗਿਆ।’ ਜਦੋਂ ਉਨ੍ਹਾਂ ਨੂੰ ਟੀਐੱਮਸੀ ਵਿਚਲੀ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਇਹ ਪਾਰਟੀ ਤੇ ਸਾਡੀ ਸੁਪਰੀਮੋ ਬੈਨਰਜੀ ਤੈਅ ਕਰਨਗੇ, ਇਹ ਉਨ੍ਹਾਂ ਦਾ ਅਧਿਕਾਰ ਹੈ।’ -ਪੀਟੀਆਈ