ਨਵੀਂ ਦਿੱਲੀ, 13 ਜੁਲਾਈ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸਿੱਖਿਆ ਜਾਰੀ ਰੱਖਣ ਲਈ ਅਪਣਾਈ ਗਈ ਡਿਜੀਟਲ ਪਹਿਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤੇ ਉਸ ਦਾ ਸੰਸਥਾ ਦਾ ਰੂਪ ਦਿੱਤਾ ਜਾਵੇਗਾ। ਪ੍ਰਧਾਨ ਨੇ ਪ੍ਰਧਾਨ ਮੰਤਰੀ ਈ-ਵਿੱਦਿਆ ਤੇ ਕੌਮੀ ਡਿਜੀਟਲ ਸਿੱਖਿਆ ਢਾਂਚੇ (ਐੱਨਡੀਈਏਆਰ) ਸਮੇਤ ਮੰਤਰਾਲੇ ਦੀਆਂ ਡਿਜੀਟਲ ਪਹਿਲਾਂ ਦੀ ਸਮੀਖਿਆ ਤੋਂ ਬਾਅਦ ਇਹ ਗੱਲ ਕਹੀ। ਮੀਟਿੰਗ ਤੋਂ ਬਾਅਦ ਮੰਤਰੀ ਨੇ ਕਿਹਾ, ‘ਖੁੱਲ੍ਹੀ ਤੇ ਪਹੁੰਚ ਵਾਲੀ ਬਣਨ ਲਈ ਨਵੇਂ ਯੁਗ ਦੀ ਸਿੱਖਿਆ ਤਕਨੀਕ ਦਾ ਲਾਭ ਚੁੱਕੇਗੀ। ਕੋਵਿਡ-19 ਮਹਾਮਾਰੀ ਦੇ ਕਾਰਨ ਸਿੱਖਿਆ ਦੇ ਡਿਜੀਟਲੀਕਰਨ ਵੱਲ ਵਧਣ ਦੀ ਜ਼ਰੂਰਤ ਬਣ ਗਈ ਹੈ। ਇਸ ਦੌਰਾਨ ਅਪਣਾਈ ਗਈ ਡਿਜੀਟਲ ਪਹਿਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤੇ ਸੰਸਥਾ ਦਾ ਰੂਪ ਦਿੱਤਾ ਜਾਵੇਗਾ। ਸਿੱਖਿਆ ਦੇ ਖੇਤਰ ’ਚ ਡਿਜੀਟਲ ਸਿਸਟਮ ਵਿਦਿਆਰਥੀਆਂ ਲਈ ਸਿੱਖਣ ਦੇ ਮੌਕੇ ਵਧਾਏਗਾ ਤੇ ਸਿੱਖਿਆ ਦੇ ਖੇਤਰ ’ਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰੇਗਾ।’ ਮੀਟਿੰਗ ’ਚ ਸਿੱਖਿਆ ਵਿਭਾਗ ਦੇ ਤਿੰਨੋਂ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ, ਸੁਭਾਸ਼ ਸਰਕਾਰ ਤੇ ਅੰਨਪੂਰਨਾ ਦੇਵੀ ਸ਼ਾਮਲ ਸਨ। -ਪੀਟੀਆਈ