ਨਵੀਂ ਦਿੱਲੀ, 7 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਆਫ਼ਤ ਪ੍ਰਬੰਧਨ ’ਚ ਸ਼ਾਮਲ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਆਫ਼ਤਾਂ ਲਈ ਜਾਰੀ ਕੀਤੇ ਜਾਂਦੇ ਅਲਰਟ ਦੂਰ-ਦੁਰਾਡੇ ਵਾਲੀਆਂ ਪੰਚਾਇਤਾਂ ਤੱਕ ਸਮੇਂ ਸਿਰ ਪਹੁੰਚਣ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਐੱਨਸੀਸੀ, ਮਹਿਲਾ ਗਰੁੱਪਾਂ ਅਤੇ ਹੋਮਗਾਰਡਾਂ ਵਰਗੇ ਅਦਾਰਿਆਂ ਦੀਆਂ ਸੇਵਾਵਾਂ ਲਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਨੂੰ ਅਜਿਹੇ ਹੰਗਾਮੀ ਹਾਲਾਤ ’ਚ ਅਗਵਾਈ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਸੰਕਟ ਦੀ ਘੜੀ ਸਮੇਂ ਸਿਖਲਾਈ ਪ੍ਰਾਪਤ ਵਰਕਰ, ਮਾਹਿਰਾਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਰਾਹਤ ਅਤੇ ਬਚਾਅ ਕਾਰਜ ਆਰੰਭ ਕਰ ਸਕਣ। ਇਥੇ ਆਫ਼ਤ ਪ੍ਰਬੰਧਨ ਨਾਲ ਜੁੜੀ ਦੋ ਰੋਜ਼ਾ ਸਾਲਾਨਾ ਕਾਨਫਰੰਸ ਦਾ ਉਦਘਾਟਨ ਕਰਦਿਆਂ ਸ਼ਾਹ ਨੇ ਕਿਹਾ ਕਿ ਵੱਖ ਵੱਖ ਆਫ਼ਤਾਂ ਲਈ ਕਈ ਐਪਸ ਬਣਾਏ ਗਏ ਹਨ ਪਰ ਇਕ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਅਲਰਟ ਢੁੱਕਵੇਂ ਸਮੇਂ ’ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਨਾਲ ਜੁੜਿਆ ਸਾਹਿਤ ਅਤੇ ਸਿਖਲਾਈ ਸਥਾਨਕ ਭਾਸ਼ਾਵਾਂ ’ਚ ਤਿਆਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2000 ਤੋਂ ਲੈ ਕੇ 2022 ਤੱਕ ਦਾ ਸਮਾਂ ਆਫ਼ਤ ਪ੍ਰਬੰਧਨ ਦੇ ਸੰਦਰਭ ’ਚ ਸੁਨਹਿਰਾ ਸਮਾਂ ਰਿਹਾ ਹੈ। ਸਾਲ 1990 ਤੋਂ ਪਹਿਲਾਂ ਆਫ਼ਤਾਂ ਦੌਰਾਨ ਜਾਨਾਂ ਬਚਾਉਣ ਬਾਰੇ ਕੋਈ ਯੋਜਨਾ ਨਹੀਂ ਸੀ ਅਤੇ ਸਿਰਫ਼ ਰਾਹਤ ਦੇ ਹੀ ਪ੍ਰਬੰਧ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਬਿਹਤਰ ਯੋਜਨਾਬੰਦੀ ਨਾਲ ਹੁਣ ਚੱਕਰਵਾਤੀ ਤੂਫ਼ਾਨਾਂ ਸਮੇਤ ਹੋਰ ਆਫ਼ਤਾਂ ਦੌਰਾਨ ਜਾਨੀ ਨੁਕਸਾਨ ਬਹੁਤ ਘੱਟ ਗਿਆ ਹੈ। -ਪੀਟੀਆਈ