ਪੁਣੇ, 20 ਦਸੰਬਰ
ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਅਜੇ ਮੁੱਕੀ ਨਹੀਂ ਹੈ ਤੇ ਇਸ ਨੇ ਹਰੇਕ ਨੂੰ ਕਈ ਸਬਕ ਸਿਖਾਏ ਹਨ। ਮਹਾਮਾਰੀ ਦੇ ਪਿਛੋਕੜ ’ਚ ਆਫ਼ਤ ਪ੍ਰਬੰਧਨ ਸਾਡੇ ਲਈ ਹੁਣ ਇਕ ਸੱਚ ਬਣ ਗਿਆ ਹੈ ਤੇ ਵੱਡੀ ਚੁਣੌਤੀ ਵਾਂਗ ਹੈ।
ਜਨਰਲ ਨੇ ਮਹਾਮਾਰੀ ਵਰਗੀ ਸਥਿਤੀ ਨਾਲ ਨਜਿੱਠਣ ਲਈ ਆਲਮੀ ਤੇ ਖੇਤਰੀ ਤਾਲਮੇਲ ਉਤੇ ਜ਼ੋਰ ਦਿੱਤਾ। ਆਫ਼ਤ ਪ੍ਰਬੰਧਨ ਬਾਰੇ ਇਕ ਬਹੁਕੌਮੀ ਸੰਮੇਲਨ ਵਿਚ ਸੰਬੋਧਨ ਕਰਦਿਆਂ ਫ਼ੌਜ ਮੁਖੀ ਨੇ ਕਿਹਾ ਕਿ ਮਹਾਮਾਰੀ ਦੇ ਨਵੇਂ ਸਰੂਪ ਸਾਹਮਣੇ ਆ ਗਏ ਹਨ। ਦੱਖਣੀ ਏਸ਼ੀਆ ਖਿੱਤਾ ਕਈ ਤਰ੍ਹਾਂ ਦੇ ਕੁਦਰਤੀ ਖ਼ਤਰਿਆਂ ਦਾ ਸਾਹਮਣਾ ਕਰਦਾ ਹੈ ਜਿਨ੍ਹਾਂ ਵਿਚ ਹੜ੍ਹ, ਸੋਕਾ, ਤੂਫਾਨ, ਭੁਚਾਲ, ਜ਼ਮੀਨ ਖਿਸਕਣ ਤੇ ਸੁਨਾਮੀ ਵਰਗੀਆਂ ਆਫ਼ਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗੈਰ-ਯੋਜਨਾਬੱਧ ਸ਼ਹਿਰੀਕਰਨ, ਵਾਤਾਵਰਨ ਦਾ ਤਵਾਜ਼ਨ ਵਿਗੜਨ ਤੇ ਜਲਵਾਯੂ ਤਬਦੀਲੀ ਨੇ ਇਨ੍ਹਾਂ ਕੁਦਰਤੀ ਆਫ਼ਤਾਂ ਦਾ ਖ਼ਤਰਾ ਹੋਰ ਵੀ ਵਧਾ ਦਿੱਤਾ ਹੈ। ਇਨ੍ਹਾਂ ਦੀ ਗਿਣਤੀ ਵੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਜਵਾਬੀ ਰਣਨੀਤੀਆਂ ਵੀ ਬਦਲ ਰਹੀਆਂ ਹਨ। ਤਕਨੀਕ ਵਿਚ ਸੁਧਾਰ ਹੋਣ ਨਾਲ ਇਹ ਬਿਹਤਰ ਹੋ ਗਈਆਂ ਹਨ। ਜਨਰਲ ਨਰਵਾਣੇ ਨੇ ਕਿਹਾ ਕਿ ਮਹਾਮਾਰੀ ਨੇ ਕੌਮੀ ਸਮਰੱਥਾ ’ਤੇ ਕਾਫ਼ੀ ਭਾਰ ਪਾਇਆ ਹੈ, ਸਪਲਾਈ ਚੇਨ ਟੁੱਟੀ ਹੈ ਤੇ ਸਾਰੀਆਂ ਨੀਤੀਆਂ ਮੁੜ ਤੋਂ ਨਿਰਧਾਰਿਤ ਕਰਨੀਆਂ ਪਈਆਂ ਹਨ। ਫ਼ੌਜ ਮੁਖੀ ਨੇ ਕਿਹਾ ਕਿ ਰਾਹਤ ਟੀਮਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਪਹਿਲਾਂ ਖ਼ੁਦ ਨੂੰ ਸੁਰੱਖਿਅਤ ਕਰਨ ਤੇ ਫਿਰ ਸਥਿਤੀ ਦਾ ਜਾਇਜ਼ਾ ਲੈਣ। ਉਨ੍ਹਾਂ ਕਿਹਾ ਕਿ ਕੋਈ ਇਕ ਏਜੰਸੀ ਹੀ ਸਾਰੇ ਕਾਰਜ ਅਮਲ ਵਿਚ ਨਹੀਂ ਲਿਆ ਸਕਦੀ। -ਪੀਟੀਆਈ