ਮੁੰਬਈ, 13 ਜੂਨ
ਸੀਨੀਅਰ ਲੇਖਕ ਕੇ.ਵੀ. ਵਜੇਂਦਰ ਪ੍ਰਸਾਦ ਦਾ ਕਹਿਣਾ ਹੈ ਕਿ ਆਮਿਰ ਖਾਨ ਵਲੋਂ ਬਣਾਈ ਜਾਣ ਵਾਲੀ ਫਿਲਮ ‘ਮਹਾਭਾਰਤ’ ਦੀ ਕਹਾਣੀ ਲਿਖਣ ਸਬੰਧੀ ਊਹ ਅਦਾਕਾਰ ਦੇ ਸੰਪਰਕ ਵਿਚ ਹਨ। ਆਮਿਰ ਖਾਨ ਵਲੋਂ ਲੰਬੇ ਸਮੇਂ ਤੋਂ ਇਹ ਫਿਲਮ ਬਣਾਊਣ ਸਬੰਧੀ ਯੋਜਨਾ ਬਣਾਈ ਜਾ ਰਹੀ ਹੈ। ਆਪਣੇ ਪੁੱਤਰ ਐੱਸ.ਐੱਸ. ਰਾਜਾਮੌਲੀ ਦੀ ਸੁਪਰਹਿੱਟ ਫਿਲਮ ‘ਬਾਹੂਬਲੀ’ ਲਿਖਣ ਲਈ ਜਾਣੇ ਜਾਂਦੇ ਪ੍ਰਸਾਦ ਨੇ ‘ਬਜਰੰਗੀ ਭਾਈਜਾਨ’ ਅਤੇ ‘ਮਨੀਕਰਨਿਕਾ: ਦਿ ਕੁਈਨ ਆਫ ਝਾਂਸੀ’ ਦੀ ਕਹਾਣੀ ਵੀ ਲਿਖੀ ਸੀ। ਪ੍ਰਸਾਦ ਨੇ ਦੱਸਿਆ, ‘‘ਫਿਲਮ ‘ਮਹਾਭਾਰਤ’ ਸਬੰਧੀ ਮੇਰੇ ਅਤੇ ਆਮਿਰ ਖਾਨ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਹੈ। ਅਸੀਂ ਕਹਾਣੀ ਲਿਖਣ ’ਤੇ ਕੰਮ ਸ਼ੁਰੂ ਕਰਾਂਗੇ। ਇਸ ਪ੍ਰਾਜੈਕਟ ਬਾਰੇ ਵਧੇਰੇ ਗੱਲ ਕਰਨਾ ਅਜੇ ਜਲਦਬਾਜ਼ੀ ਹੋਵੇਗੀ।’’ 78 ਵਰ੍ਹਿਆਂ ਦੇ ਇਸ ਲੇਖਕ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਊਨ੍ਹਾਂ ਨੇ ਕਈ ਕਹਾਣੀਆਂ ਲਿਖੀਆਂ ਹਨ। ਊਨ੍ਹਾਂ ਕਿਹਾ, ‘‘ਲਿਖਣਾ ਮੇਰਾ ਸ਼ੌਕ ਹੈ ਅਤੇ ਮੈਂ ਲਿਖਦਾ ਰਿਹਾ ਹਾਂ ਪਰ ਕੋਈ ਵੀ ਖ਼ੁਲਾਸਾ ਕਰਨਾ ਅਜੇ ਜਲਦਬਾਜ਼ੀ ਹੋਵੇਗੀ। ਮੇਰਾ ਅਗਲਾ ਆਊਣ ਵਾਲਾ ਪ੍ਰਾਜੈਕਟ ‘ਆਰਆਰਆਰ’ ਹੈ।’’ ਫਿਲਮ ‘ਆਰਆਰਆਰ’ ਵਿੱਚ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਆਲੀਆ ਭੱਟ ਤੋਂ ਇਲਾਵਾ ਤੇਲਗੂ ਅਦਾਕਾਰ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ ਵੀ ਨਜ਼ਰ ਆਊਣਗੇ। -ਪੀਟੀਆਈ