ਨਵੀਂ ਦਿੱਲੀ, 12 ਅਗਸਤ
ਸੁਪਰੀਮ ਕੋਰਟ ਨੇ ਕਰੋਨਾਵਾਇਰਸ ਲਾਗ ਦਾ ਫੈਲਾਅ ਰੋਕਣ ਲਈ ਕੀਟਾਣੂਨਾਸ਼ਕ ਸੁਰੰਗਾਂ ਦੀ ਵਰਤੋਂ, ਸਥਾਪਨਾ, ਉਤਪਾਦ ਅਤੇ ਪ੍ਰਚਾਰ ’ਤੇ ਤੁਰੰਤ ਪਾਬੰਦੀ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ।
ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ. ਸੁਭਾਸ਼ ਰੈਡੀ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਸ਼ਮੂਲੀਅਤ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਅਤੇ ਖੇਤੀਬਾੜੀ ਤੇ ਕਿਸਾਨਾਂ ਦੀ ਭਲਾਈ ਬਾਰੇ ਮੰਤਰਾਲੇ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦਾ ਜਵਾਬ ਮੰਗਿਆ ਹੈ। ਸਿਖਰਲੀ ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ ਦੋ ਹਫ਼ਤਿਆਂ ਬਾਅਦ ਕੀਤੀ ਜਾਵੇਗੀ। ਸੁਪਰੀਮ ਕੋਰਟ ਵਲੋਂ ਲਾਅ ਦੇ ਵਿਦਿਆਰਥੀ ਗੁਰਸਿਮਰਨ ਸਿੰਘ ਨਰੂਲਾ ਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਵਲੋਂ ਮਨੁੱਖਾਂ ਨੂੰ ਕੀਟਨਾਸ਼ਕ ਮੁਕਤ ਕਰਨ ਲਈ ਵਰਤੀਆਂ ਜਾਂਦੀਆਂ ਕੀਟਾਣੂਨਾਸ਼ਕ ਸੁਰੰਗਾਂ ਦੀ ਵਰਤੋਂ, ਸਥਾਪਨਾ, ਉਤਪਾਦ ਅਤੇ ਪ੍ਰਚਾਰ ’ਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ ਸੀ।
-ਪੀਟੀਆਈ